ਕੋਵਿਡ-19 : ਕੈਨੇਡਾ 'ਚ ਹੁਣ 'ਨੌ ਐਂਟਰੀ', ਟਰੂਡੋ ਨੇ ਕੀਤਾ ਇਹ ਐਲਾਨ
Tuesday, Mar 17, 2020 - 12:08 AM (IST)
ਓਟਾਵਾ - ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਜਿਥੇ ਆਪਣੀ ਲਪੇਟ ਵਿਚ ਲੈ ਲਿਆ ਹੈ। ਉਥੇ ਹੀ ਅੱਜ (ਸੋਮਵਾਰ ਦੁਪਹਿਰ ਸਥਾਨਕ ਸਮੇਂ ਮੁਤਾਬਕ) ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੂਜੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਪੀ. ਐਮ. ਟਰੂਡੋ ਨੇ ਸੰਬੋਧਿਤ ਕਰਦੇ ਹੋਏ ਆਖਿਆ ਕਿ ਕੋਰੋਨਾਵਾਇਰਸ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਅਸੀਂ ਆਪਣੇ ਸਰਹੱਦਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਰਹੇ ਹਾਂ ਪਰ ਇਸ ਵੇਲੇ ਇਹ ਸਰਹੱਦਾਂ ਸਿਰਫ ਕੈਨੇਡੀਅਨ, ਅਮਰੀਕੀਆਂ ਅਤੇ ਡਿਪਲੋਮੈਟਾਂ ਲਈ ਖੋਲ੍ਹੀਆਂ ਰਹਿਣਗੀਆਂ।
ਟਰੂਡੋ ਨੇ ਆਖਿਆ ਕਿ ਇਹ ਸਰਹੱਦਾਂ ਬਾਕੀ ਲੋਕਾਂ ਲਈ ਅਸੀਂ ਉਦੋਂ ਤੱਕ ਬੰਦ ਰਖਾਂਗੇ ਜਦ ਤੱਕ ਕੋਰੋਨਾਵਾਇਰਸ ਦੇ ਖਤਰਾ ਘੱਟ ਨਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਜੇਕਰ ਕਿਸੇ ਵਿਅਕਤੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਕੈਨੇਡਾ ਵਿਚ ਐਂਟਰੀ ਨਹੀਂ ਮਿਲੇਗੀ। ਉਥੇ ਹੀ ਅੱਗੇ ਉਨ੍ਹਾਂ ਨੇ ਆਖਿਆ ਕਿ ਵਿਦੇਸ਼ਾਂ ਤੋਂ ਵਾਪਸ ਆਉਣ ਵਾਲੇ ਨਾਗਰਿਕਾਂ ਦੀ ਏਅਰਪੋਰਟਾਂ 'ਤੇ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਵੱਖਰਾ ਰੱਖਿਆ ਜਾਵੇਗਾ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੀ. ਐਮ. ਨੇ ਆਪਣੀ ਪਹਿਲੀ ਕਾਨਫਰੰਸ ਵਿਚ ਆਪਣੇ ਨਾਗਰਿਕਾਂ ਤੋਂ ਵਾਪਸ ਆਉਣ ਦੀ ਸਲਾਹ ਦਿੱਤੀ ਸੀ। ਟਰੂਡੋ ਨੇ ਆਖਿਆ ਕਿ ਸਕੂਲਾਂ, ਕਮਿਊਨਿਟੀ ਸੈਂਟਰਾਂ ਅਤੇ ਕਾਰੋਬਾਰਾਂ ਨੂੰ ਬੰਦ ਰੱਖਿਆ ਗਿਆ ਹੈ ਤਾਂ ਜੋ ਕੋਰੋਨਾ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ ਅਤੇ ਆਪਣੇ ਨਾਗਰਿਕਾ ਨੂੰ ਬਚਾਇਆ ਜਾਵੇ।
ਦੱਸ ਦਈਏ ਕਿ ਟਰੂਡੋ ਸ਼ੁੱਕਰਵਾਰ ਤੋਂ ਹੀ ਆਪਣੇ ਘਰ ਵਿਚ ਆਪਣਾ ਸਾਰਾ ਕੰਮ ਕਰ ਰਹੇ ਹਨ ਕਿਉਂਕਿ ਸ਼ੁੱਕਰਵਾਰ ਨੂੰ ਹੀ ਟਰੂਡੋ ਦੀ ਪਤਨੀ ਸੋਫੀ ਟਰੂਡੋ ਨੂੰ ਕੋਰੋਨਾਵਾਇਰਸ ਤੋਂ ਪੀਡ਼ਤ ਪਾਇਆ ਗਿਆ ਸੀ। ਉਸ ਵੇਲੇ ਟਰੂਡੋ ਨੇ ਪਹਿਲੀ ਕਾਨਫਰੰਸ ਕਰ ਆਪਣੇ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ ਅਤੇ ਆਖਿਆ ਸੀ ਕਿ ਉਹ ਆਪਣੇ ਮੁਲਕ ਵਾਪਸ ਨਾ ਜਾਣ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਸੀ ਕਿ ਉਹ ਕੈਨੇਡੀਅਨ ਲੋਕਾਂ ਦਾ ਪੂਰਾ ਖਰਚਾ ਚੁੱਕਣਗੇ। ਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਹੁਣ ਤੱਕ 375 ਲੋਕ ਪ੍ਰਭਾਵਿਤ ਹੋਏ ਹਨ ਅਤੇ 1 ਦੀ ਮੌਤ ਹੋਈ ਹੈ।