ਕੋਵਿਡ-19 ਨਾਲ BSF ਜਵਾਨ ਦੀ ਮੌਤ, ਇਨਫੈਕਸ਼ਨ ਨਾਲ CAPF ''ਚ 14ਵੀਂ ਮੌਤ
Wednesday, Jun 10, 2020 - 03:44 PM (IST)
ਨਵੀਂ ਦਿੱਲੀ- ਕੋਵਿਡ-19 ਨਾਲ ਬੀ.ਐੱਸ.ਐੱਫ. ਦੇ 35 ਸਾਲਾ ਇਕ ਜਵਾਨ ਦੀ ਮੌਤ ਹੋਣ ਦੇ ਨਾਲ ਹੀ ਦਸਤੇ 'ਚ ਮਰਨ ਵਾਲੇ ਕਾਮਿਆਂ ਦੀ ਕੁੱਲ ਗਿਣਤੀ ਵਧ ਕੇ 3 ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਹਥਿਆਰਬੰਦ ਪੁਲਸ ਦਸਤਿਆਂ (ਸੀ.ਏ.ਪੀ.ਐੱਫ.) 'ਚ ਇਹ 14ਵੇਂ ਕਾਮੇ ਦੀ ਮੌਤ ਹੈ। ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਇਕ ਬੁਲਾਰੇ ਨੇ ਕਿਹਾ,''ਕਾਂਸਟੇਬਲ ਵਿਨੋਦ ਕੁਮਾਰ ਪ੍ਰਸਾਦ ਨੇ ਦਿੱਲੀ ਦੇ ਏਮਜ਼ 'ਚ 9 ਜੂਨ ਨੂੰ ਆਖਰੀ ਸਾਹ ਲਿਆ।'' ਉਨ੍ਹਾਂ ਨੇ ਕਿਹਾ,''ਉਸ ਨੂੰ ਦਿੱਲੀ ਪੁਲਸ ਨਾਲ ਕਾਨੂੰਨ ਵਿਵਸਥਾ ਬਹਾਲ ਰੱਖਣ ਦੀ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਸੀ। ਕਮਜ਼ੋਰੀ ਮਹਿਸੂਸ ਹੋਣ ਅਤੇ ਖਾਂਸੀ ਹੋਣ 'ਤੇ ਉਸ ਨੂੰ 5 ਜੂਨ ਨੂੰ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ।''
ਉਨ੍ਹਾਂ ਨੇ ਕਿਹਾ ਕਿ ਪ੍ਰਸਾਦ ਦੀ ਕੋਵਿਡ-19 ਜਾਂਚ ਰਿਪੋਰਟ 6 ਜੂਨ ਨੂੰ ਨੈਗੇਟਿਵ ਆਈ ਸੀ ਪਰ 8 ਜੂਨ ਨੂੰ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੇ ਏਮਜ਼ ਦੇ ਆਈ.ਸੀ.ਯੂ. 'ਚ ਮੰਗਲਵਾਰ ਸਵੇਰੇ ਆਖਰੀ ਸਾਹ ਲਿਆ।'' ਬੁਲਾਰੇ ਅਨੁਸਾਰ, ਉਸ ਦੀ 8 ਜੂਨ ਨੂੰ ਕੋਵਿਡ-19 ਜਾਂਚ ਰਿਪੋਰਟ ਪਾਜ਼ੀਟਿਵ ਆਈ ਸੀ। ਫੋਰਸ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਹੁਣ ਤੱਕ ਕੁੱਲ 535 ਮਾਮਲੇ ਸਾਹਮਣੇ ਆ ਚੁਕੇ ਹਨ, ਜਿਨ੍ਹਾਂ 'ਚੋਂ 435 ਕਾਮੇ ਇਨਫੈਕਸ਼ਨ ਮੁਕਤ ਹੋ ਚੁਕੇ ਹਨ। ਕੋਵਿਡ-19 ਨਾਲ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) 'ਚ 5, ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਏ.ਪੀ.ਐੱਫ.) 'ਚ 4 ਅਤੇ ਹਥਿਆਰਬੰਦ ਸਰਹੱਦੀ ਫੋਰਸ (ਐੱਸ.ਐੱਸ.ਬੀ.) ਅਤੇ ਭਾਰਤ ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) 'ਚ ਇਕ-ਇਕ ਕਾਮੇ ਦੀ ਮੌਤ ਸਮੇਤ ਸੀ.ਏ.ਪੀ.ਐੱਫ. 'ਚ ਇਹ 14ਵੇਂ ਕਾਮੇ ਦੀ ਮੌਤ ਹੈ।