ਢਾਈ ਸਾਲ ਦੀ ਮਾਸੂਮ ਨਾਲ ਰੇਪ ਕਰ ਕੀਤਾ ਕਤਲ, ਕੋਰਟ ਨੇ ਦੋਸ਼ੀ ਨੂੰ ਸੁਣਾਈ ਮੌਤ ਦੀ ਸਜ਼ਾ

12/07/2021 5:21:32 PM

ਸੂਰਤ- ਗੁਜਰਾਤ ਦੇ ਸੂਰਤ ’ਚ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਦੀ ਇਕ ਅਦਾਲਤ ਨੇ ਢਾਈ ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰ ਕੇ ਉਸ ਦਾ ਕਤਲ ਕਰਨ ਦੇ ਮਾਮਲੇ ’ਚ 35 ਸਾਲਾ ਪ੍ਰਵਾਸੀ ਮਜ਼ਦੂਰ ਨੂੰ ਮੰਗਲਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਇਹ ਘਟਨਾ ਪਿਛਲੇ ਮਹੀਨੇ ਦੀ ਹੈ। ਤੁਰੰਤ ਸੁਣਵਾਈ ਯਕੀਨੀ ਕਰਨ ਲਈ ਪਾਂਡੇਸਰਾ ਪੁਲਸ ਨੇ 8 ਨਵੰਬਰ ਨੂੰ ਮਜ਼ਦੂਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ 7 ਦਿਨਾਂ ਅੰਦਰ ਹੀ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਸੀ। ਅਦਾਲਤ ਨੇ ਮਾਮਲੇ ’ਚ 43 ਗਵਾਹਾਂ ਦੇ ਬਿਆਨ ਦਰਜ ਕੀਤੇ ਅਤੇ ਇਕ ਮਹੀਨੇ ਅੰਦਰ ਫ਼ੈਸਲਾ ਸੁਣਾ ਦਿੱਤਾ। ਅਦਾਲਤ ਨੇ ਸੋਮਵਾਰ ਨੂੰ ਦੋਸ਼ੀ ਗੁੱਡੂ ਯਾਦਵ ਨੂੰ ਆਈ.ਪੀ.ਸੀ. ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਅਗਵਾ, ਜਬਰ ਜ਼ਿਨਾਹ ਅਤੇ ਕਤਲ ਦੇ ਵੱਖ-ਵੱਖ ਦੋਸ਼ਾਂ ’ਚ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਰਾਜ ਸਰਕਾਰ ਨੂੰ ਬੱਚੀ ਦੇ ਪਰਿਵਾਰ ਨੂੰ 20 ਲੱਖ ਰੁਪਏ ਬਤੌਰ ਮੁਆਵਜ਼ਾ ਦੇਣ ਦਾ ਨਿਰਦੇਸ਼ ਵੀ ਦਿੱਤਾ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ

ਸੁਣਵਾਈ ਦੇ ਅੰਤਿਮ ਦਿਨ, ਸਰਕਾਰੀ ਵਕੀਲ ਨਯਨ ਸੁਖਾੜਵਾਲਾ ਨੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ, ਜੋ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਸੂਰਤ ਸ਼ਹਿਰ ਦੇ ਪਾਂਡੇਸਰਾ ਇਲਾਕੇ ’ਚ ਰਹਿੰਦਾ ਸੀ। ਉਹ ਇਕ ਕਾਰਖਾਨੇ ’ਚ ਕੰਮ ਕਰਦਾ ਹੈ। ਸੁਖਾੜਵਾਲਾ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣਦੀ ਅਪੀਲ ’ਤੇ ਜ਼ੋਰ ਦਿੰਦੇ ਹੋਏ ਅਦਾਲਤ ਤੋਂ ਇਸ ਨੂੰ ਇਕ ਦੁਰਲੱਭ ਮਾਮਲੇ ਦੇ ਤੌਰ ’ਤੇ ਦੇਖਣ ਦੀ ਅਪੀਲ ਕੀਤੀ ਅਤੇ ਦੇਸ਼ ’ਚ ਪਹਿਲਾਂ ਵੀ ਅਜਿਹੇ ਵੀ ਮਾਮਲਿਆਂ ’ਚ ਦਿੱਤੇ ਗਏ 31 ਆਦੇਸ਼ਾਂ ਦਾ ਹਵਾਲਾ ਦਿੱਤਾ ਸੀ। ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਸੀ ਕਿ ਗੁੱਡੂ ਨੇ ਇੰਨੀ ਬੇਰਹਿਮੀ ਦਿਖਾਈ ਸੀ ਕਿ ਬੱਚੀ ਦੇ ਅੰਦਰੂਨੀ ਅੰਗ ਵੀ ਸਰੀਰ ’ਚੋਂ ਬਾਹਰ ਆ ਗਏ ਸਨ। ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਬੱਚੀ ਦੀ ਲਾਸ਼ ਝਾੜੀਆਂ ’ਚ ਸੁੱਟ ਦਿੱਤੀ ਸੀ। ਉੱਥੇ ਹੀ ਦੋਸ਼ੀ ਦੇ ਵਕੀਲ ਨੇ ਨਰਮੀ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਮੌਤ ਦੀ ਸਜ਼ਾ ਨਾਲ ਉਸ ਦੇ ਮੁਵਕਿਲ ਦੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਸਕਦਾ ਹੈ। ਗੁੱਡੂ ਨੇ 4 ਨਵੰਬਰ ਦੀ ਰਾਤ ਬਿਹਾਰ ਦੇ ਹੀ ਇਕ ਪ੍ਰਵਾਸੀ ਮਜ਼ਦੂਰ ਦੀ ਢਾਈ ਸਾਲ ਦੀ ਧੀ ਨੂੰ ਅਗਵਾ ਕਰ ਕੇ ਉਸ ਦਾ ਯੌਨ ਉਤਪੀੜਨ ਕੀਤਾ ਅਤੇ ਫਿਰ ਉਸ ਦਾ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਬੱਚੀ ਦੀ ਲਾਸ਼ 7 ਨਵੰਬਰ ਨੂੰ ਉਸ ਦੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਇਕ ਫੈਕਟਰੀ ਕੋਲੋਂ ਬਰਾਮਦ ਹੋਈ ਸੀ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੇਖਣ ਅਤੇ ਸਥਾਨਕ ਸੂਤਰਾਂ ਅਤੇ ਲੋਕਾਂ ਤੋਂ ਜਾਣਕਾਰੀ ਲੈਣ ਤੋਂ ਬਾਅਦ 8 ਨਵੰਬਰ ਨੂੰ ਗੁੱਡੂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਜਾਸੂਸੀ ਦੇ ਦੋਸ਼ ’ਚ UAE ਦੀ ਜੇਲ੍ਹ ’ਚ ਬੰਦ ਪੁੱਤਰ ਨੂੰ ਮਿਲਣ ਲਈ ਮਾਂ ਨੂੰ ਕਰਨਾ ਪਵੇਗਾ 2025 ਤੱਕ ਇੰਤਜ਼ਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News