ਨੌਕਰਾਣੀ 'ਤੇ ਤਸ਼ੱਦਦ ਢਾਹੁਣ ਵਾਲੇ ਮਾਲਕਾਂ ਨੂੰ ਗੁਆਉਣੀ ਪਈ ਆਪਣੀ ਨੌਕਰੀ, ਕੰਪਨੀ ਨੇ ਕੀਤਾ ਬਰਖ਼ਾਸਤ
Friday, Feb 10, 2023 - 01:54 AM (IST)
ਗੁੜਗਾਓਂ (ਭਾਸ਼ਾ): ਗੁੜਗਾਓਂ 'ਚ ਨਾਬਾਲਗ ਨੌਕਰਾਣੀ ਨੂੰ ਕਥਿਤ ਤੌਰ 'ਤੇ ਪ੍ਰਤਾੜਿਤ ਕਰਨ ਅਤੇ ਉਸ ਦਾ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਜੋੜੇ ਨੂੰ ਉਨ੍ਹਾਂ ਦੇ ਰੁਜ਼ਗਾਰਦਾਤਿਆਂ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉੱਥੇ ਹੀ ਪੁਲਸ ਨੇ ਵੀਰਵਾਰ ਨੂੰ ਉਸ ਪਲੇਸਮੈਂਟ ਏਜੰਸੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਿਸ ਰਾਹੀਂ ਨਾਬਾਲਗਾ ਨੂੰ ਨੌਕਰੀ 'ਤੇ ਰੱਖਿਆ ਗਿਆ ਸੀ। ਮਾਮਲੇ ਵਿਚ ਮੁਲਜ਼ਮ ਔਰਤ ਇਕ ਜਨਸੰਪਰਕ ਕੰਪਨੀ ਵਿਚ ਕੰਮ ਕਰਦੀ ਸੀ ਜਦਕਿ ਉਸ ਦਾ ਪਤੀ ਇਕ ਬੀਮਾ ਕੰਪਨੀ ਵਿਚ ਕੰਮ ਕਰਦਾ ਸੀ। ਦੋਵਾਂ ਦੇ ਰੁਜ਼ਗਾਰਦਾਤਿਆਂ ਨੇ ਟਵੀਟ ਕਰ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦਾ ਜਨਤਕ ਤੌਰ 'ਤੇ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਮੁੜ ਆਈ ਮੰਦਭਾਗੀ ਖ਼ਬਰ, 2 ਮਹੀਨੇ ਪਹਿਲਾਂ ਗਏ ਨੌਜਵਾਨ ਦੀ ਹੋਈ ਮੌਤ
ਸਿਹਤ ਕੇਂਦਰ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਸਥਿਤ ਝਾਰਖੰਡ ਭਵਨ ਦਾ ਇਕ ਅਧਿਕਾਰੀ ਪੀੜਤਾ ਨੂੰ ਮਿਲਣ ਸਦਰ ਹਸਪਤਾਲ ਆਇਆ ਸੀ। ਪੁਲਸ ਦੇ ਨਾਲ ਰਲ਼ ਕੇ ਕੁੜੀ ਨੂੰ ਮੁਲਜ਼ਮ ਜੋੜੇ ਦੀ ਗ੍ਰਿਫ਼ਤ ਤੋਂ ਛੁਡਵਾਉਣ ਵਾਲੇ 'ਸਖੀ ਕੇਂਦਰ' ਦੀ ਮੁਖੀ ਪਿੰਕੀ ਮਲਿਕ ਦੀ ਤਹਿਰੀਰ ਮੁਤਾਬਕ, ਝਾਰਖੰਡ ਦੀ ਰਾਜਧਾਨੀ ਰਾਂਚੀ ਦੀ ਰਹਿਣ ਵਾਲੀ ਇਸ ਨਾਬਾਲਗਾ ਨੂੰ ਇਕ ਪਲੇਸਮੈਂਟ ਏਜੰਸੀ ਰਾਹੀਂ ਕੰਮ 'ਤੇ ਰੱਖਿਆ ਗਿਆ ਸੀ। ਜੋੜਾ ਉਸ ਤੋਂ ਬਹੁਤ ਜ਼ਿਆਦਾ ਕੰਮ ਕਰਵਾਉਂਦਾ ਸੀ ਅਤੇ ਰੋਜ਼ਾਨਾ ਉਸ ਨੂੰ ਬੇਰਹਿਮੀ ਨਾਲ ਕੁੱਟਦਾ ਸੀ। ਪੁਲਸ ਨੇ ਬੁੱਧਵਾਰ ਨੂੰ ਨਿਊ ਕਲੋਨੀ ਵਾਸੀ ਮਨੀਸ਼ ਖੱਟਰ (36) ਅਤੇ ਉਸ ਦੀ ਵਹੁਟੀ ਕਮਲਜੀਤ ਕੌਰ (34) ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਿਹਾ ਸੀ ਕਿ ਨੌਕਰਾਣੀ ਦੇ ਹੱਥ, ਪੈਰ ਅਤੇ ਚਿਹਰੇ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ।
ਇਹ ਖ਼ਬਰ ਵੀ ਪੜ੍ਹੋ - ਇੰਸਟਾਗ੍ਰਾਮ ਜ਼ਰੀਏ ਹੋਈ ਦੋਸਤੀ ਨੇ ਬਰਬਾਦ ਕਰ ਦਿੱਤੀ ਜ਼ਿੰਦਗੀ, ਨਾਬਾਲਗਾ ਨਾਲ ਜੋ ਹੋਇਆ ਜਾਣ ਹੋ ਜਾਵੋਗੇ ਹੈਰਾਨ
ਪਹਿਲਾਂ ਇਕ ਪੁਲਸ ਅਧਿਕਾਰੀ ਨੇ ਦੱਸਿਆ ਸੀ ਕਿ ਕੁੜੀ 14 ਸਾਲ ਦੀ ਹੈ, ਪਰ FIR ਮੁਤਾਬਕ ਕੁੜੀ ਦੀ ਉਮਰ 17 ਸਾਲ ਹੈ। ਪਿੰਕੀ ਮਲਿਕ ਨੇ ਦਾਅਵਾ ਕੀਤਾ ਕਿ ਉਕਤ ਜੋੜਾ ਪੀੜਤਾ ਨੂੰ ਸਾਰੀ ਰਾਤ ਸੋਣ ਨਹੀਂ ਸੀ ਦਿੰਦਾ ਅਤੇ ਉਸ ਨੂੰ ਰੋਟੀ ਵੀ ਨਹੀਂ ਸੀ ਦਿੱਤੀ ਜਾਂਦੀ। FIR ਮੁਤਾਬਕ ਕੁੜੀ ਦਾ ਕਹਿਣਾ ਹੈ ਕਿ 5 ਮਹੀਨੇ ਪਹਿਲਾਂ ਉਸ ਦਾ ਇਕ ਰਿਸ਼ਤੇਦਾਰ ਉਸ ਨੂੰ ਖੱਟਰ ਦੇ ਫਲੈਟ 'ਤੇ ਛੱਡ ਗਿਆ ਸੀ, ਜਿੱਥੇ ਖੱਟਰ ਆਪਣੀ ਵਹੁਟੀ ਅਤੇ ਧੀ ਨਾਲ ਰਹਿੰਦਾ ਹੈ। ਪੀੜਤਾ ਨੇ ਕਿਹਾ ਕਿ ਉਸ ਨੂੰ ਰੋਜ਼ ਬੇਇਜ਼ਤ ਕੀਤਾ ਜਾਂਦਾ ਸੀ ਅਤੇ ਮਾਰਕੁੱਟ ਕੀਤੀ ਜਾਂਦੀ ਸੀ। ਉਸ ਨੂੰ ਪ੍ਰਤਾੜਤ ਕਰਨ ਲਈ ਗਰਮ ਲੋਹੇ ਦੀ ਚਿਮਟੇ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ, ਖੱਟਰ ਉਸ ਦੇ ਕਪੜੇ ਉਤਰਵਾ ਕੇ ਉਸ ਦੇ ਨਿਜੀ ਅੰਗਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਸੀ। ਪੀੜਤਾ ਨੇ ਕਿਹਾ ਕਿ ਉਸ ਨੂੰ ਘਰ ਵਿਚ ਕੈਦ ਕਰ ਲਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਸਦ 'ਚ ਹਰਸਿਮਰਤ ਬਾਦਲ ਦੇ ਤਿੱਖੇ ਬੋਲ, ਚੰਡੀਗੜ੍ਹ ਨੂੰ ਲੈ ਕੇ ਕਹੀ ਇਹ ਗੱਲ
ਪੁਲਸ ਵੱਲੋਂ ਮੁਲਜ਼ਮ ਜੋੜੇ ਖ਼ਿਲਾਫ. ਆਈ.ਪੀ.ਸੀ. ਦੀ ਧਾਰਾ 323, 342 ਅਤੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਟੀਮ ਨੇ ਵੀਰਵਾਰ ਨੂੰ ਦਿੱਲੀ ਦੀਆਂ ਕਈ ਥਾਵਾਂ ਦੀ ਤਲਾਸ਼ੀ ਲੈ ਕੇ ਉਸ ਪਲੇਸਮੈਂਟ ਏਜੰਸੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸ ਰਾਹੀਂ ਪੀੜਤਾ ਨੂੰ ਨੌਕਰੀ 'ਤੇ ਰੱਖਿਆ ਗਿਆ ਸੀ। ਨਿਊ ਕਲੋਨੀ ਦੇ ਐੱਸ.ਐੱਚ.ਓ. ਦਿਨਕਰ ਨੇ ਦੱਸਿਆ ਕਿ ਪੁਲਸ ਦੀ ਹਿਰਾਸਤ ਵਿਚ ਪੁੱਛਗਿੱਛ ਦੌਰਾਨ ਖੱਟਰ ਨੇ ਦਾਅਵਾ ਕੀਤਾ ਕਿ ਉਸ ਨੇ 5 ਮਹੀਨੇ ਪਹਿਲਾਂ ਆਪਣੀ ਧੀ ਦੀ ਦੇਖਭਾਲ ਲਈ ਪੀਤਾ ਨੂੰ ਨੌਕਰੀ 'ਤੇ ਰੱਖਿਆ ਸੀ ਅਤੇ ਉਹ ਆਨਲਾਈਨ ਇਸ ਪਲੇਸਮੈਂਟ ਏਜੰਸੀ ਦੀ ਸੰਪਰਕ ਵਿਚ ਸੀ। ਖੱਟਰ ਮੂਲ ਰੂਪ ਤੋਂ ਗੁੜਗਾਓਂ ਦਾ ਰਹਿਣ ਵਾਲਾ ਹੈ ਜਦਕਿ ਉਸ ਦੀ ਵਹੁਟੀ ਮੂਲ ਰੂਪ ਤੋਂ ਰਾਂਚੀ ਦੀ ਰਹਿਣ ਵਾਲੀ ਹੈ। ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਜਦੋਂ ਪੀੜਤਾ ਕੋਈ ਗਲਤੀ ਕਰਦੀ ਸੀ ਤਾਂ ਉਹ ਗੁੱਸੇ ਵਿਚ ਉਸ ਨੂੰ ਕੁੱਟਦਾ ਸੀ। ਅਗਲੇਰੀ ਜਾਂਚ ਜਾਰੀ ਹੈ। ਝਾਰਖੰਡ ਦੇ ਮੁੱਖ ਮੰਤਰੀ ਦਫਤਰ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਤੋਂ ਪੀੜਤਾ ਦੇ ਪੁਨਰਵਾਸ ਵਿਚ ਮਦਦ ਕਰਨ ਨੂੰ ਕਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।