15 ਅਗਸਤ ਤੱਕ ਨਹੀਂ ਆ ਸਕੇਗਾ ਦੇਸ਼ ਦਾ ਸਵਦੇਸ਼ੀ ਕੋਰੋਨਾ ਟੀਕਾ

08/12/2020 7:24:36 PM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ 'ਚ ਕੋਰੋਨਾ ਟੀਕੇ ਦੇ ਟ੍ਰਾਇਲਾਂ 'ਚ ਤੇਜ਼ੀ ਲਿਆਉਣ ਲਈ ਲਾਲਫੀਤਾਸ਼ਾਹੀ ਪੱਧਰ 'ਤੇ ਹੋਣ ਵਾਲੀ ਦੇਰੀ ਤੋਂ ਨਜਿੱਠਣ ਲਈ ਕਦਮ ਚੁੱਕੇ ਹਨ ਪਰ ਦੇਸ਼ ਦੇ ਨਾਗਰਿਕਾਂ ਨੂੰ ਅਜੇ ਸਵਦੇਸ਼ੀ ਟੀਕੇ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ 15 ਅਗਸਤ ਦੀ ਜੋ ਤਾਰੀਖ਼ ਇਸ ਦੇ ਲਈ ਤੈਅ ਕੀਤੀ ਗਈ ਸੀ, ਉਸਦੇ ਟ੍ਰਾਇਲ ਅਜੇ ਪੂਰੇ ਨਹੀਂ ਹੋਏ ਹਨ।

ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐੱਮ.ਆਰ.) ਨੇ ਐਲਾਨ ਕੀਤਾ ਸੀ ਕਿ ਭਾਰਤ ਬਾਇਓਟੈਕ ਦਾ ‘ਕੋਵੈਕਸੀਨ’ ਟੀਕਾ ਆਜ਼ਾਦੀ ਦਿਵਸ 'ਤੇ ਬਣ ਕੇ ਸਾਹਮਣੇ ਆ ਜਾਵੇਗਾ। ਆਈ.ਸੀ.ਐੱਮ.ਆਰ. ਦੇ ਨਿਰਦੇਸ਼ਕ ਡਾ. ਬਲਰਾਮ ਭਾਰਗਵ ਨੇ ਪਿਛਲੇ ਹਫ਼ਤੇ ਪ੍ਰੈਸ ਨੂੰ ਦੱਸਿਆ ਸੀ ਕਿ ‘ਕੋਵੈਕਸੀਨ’ ਟੀਕੇ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਟ੍ਰਾਇਲ 15 ਅਗਸਤ ਤੋਂ ਪਹਿਲਾਂ ਪੂਰੇ ਕਰ ਲਏ ਜਾਣਗੇ। ਡਾ. ਬਲਰਾਮ ਭਾਰਗਵ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਸਨ। ਪਰ ਪਤਾ ਲੱਗਾ ਹੈ ਕਿ ਦੇਸ਼ ਦੇ ਪ੍ਰਸਿੱਧ ਏਮਜ਼ ਅਤੇ ਹੋਰ 11 ਸੰਸਥਾਨਾਂ 'ਚ ਪਿਛਲੇ ਮਹੀਨੇ ਸ਼ੁਰੂ ਕੀਤੇ ਗਏ ਟ੍ਰਾਇਲਾਂ ਦਾ ਅਜੇ ਪਹਿਲਾ ਪੜਾਅ ਵੀ ਪੂਰਾ ਨਹੀਂ ਹੋਇਆ ਹੈ।

ਇੱਕ ਦਿਲਚਸਪ ਘਟਨਾਕ੍ਰਮ 'ਚ ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਸਪੱਸ਼ਟ ਕੀਤਾ ਸੀ ਕਿ ਅਸੀਂ ਕਾਫੀ ਤੇਜ਼ੀ ਨਾਲ ਟੀਕੇ ਦੇ ਟ੍ਰਾਇਲਜ਼ ਕਰ ਰਹੇ ਹਾਂ ਅਤੇ ਪਹਿਲੇ ਅਤੇ ਦੂਜੇ ਪੜਾਅ ਦੇ ਟ੍ਰਾਇਲਜ਼ ਨੂੰ ਇਕੱਠੇ ਕੀਤਾ ਜਾ ਰਿਹਾ ਹੈ ਪਰ ਮਨੁੱਖੀ ਕਲੀਨਿਕ ਟ੍ਰਾਇਲਜ਼ 'ਚ ਸਾਰੇ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਇਸਦਾ ਮਤਲੱਬ ਇਹ ਕੱਢਿਆ ਜਾ ਰਿਹਾ ਹੈ ਕਿ ਭਾਰਤੀ ਟੀਕਾ ਆਉਣ 'ਚ ਅਜੇ ਦੇਰ ਲੱਗੇਗੀ। ਏਮਜ਼ ਦੇ ਮੁੱਖ ਸ਼ੋਧਕਰਤਾ ਡਾ. ਸੰਜੇ ਰਾਏ, ਜੋ ‘ਕੋਵੈਕਸੀਨ’ ਟੀਕੇ ਦੇ ਟ੍ਰਾਇਲ ਦਾ ਸੰਯੋਜਨ ਕਰ ਰਹੇ ਹਾਂ, ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕੋਰੋਨਾ ਯੋਧਾਵਾਂ ਨੂੰ ਟ੍ਰਾਇਲ ਦੇ ਪਹਿਲੇ ਹੀ ਪੜਾਅ 'ਚ ਦੁੱਗਣਾ ਡੋਜ਼ ਦਿੱਤਾ ਜਾਵੇਗਾ। ਦੁੱਗਣਾ ਡੋਜ਼ ਦੇਣ ਦੇ ਨਤੀਜੇ ਜਦੋਂ ਸਤੰਬਰ 'ਚ ਸਾਹਮਣੇ ਆ ਜਾਣਗੇ, ਉਸ ਤੋਂ ਬਾਅਦ ਹੀ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਉੱਧਰ, ਜਾਇਡਸ ਕੈਡਿਲਾ ਦੇ ‘ਜਾਇਕੋਵ-ਡੀ’ ਟੀਕੇ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਮਨੁੱਖੀ ਕਲੀਨਿਕ ਟ੍ਰਾਇਲਜ਼ ਨੂੰ ਵੀ ਮਨਜ਼ੂਰੀ ਮਿਲੀ ਹੈ ਪਰ ਕੰਪਨੀ ਨੇ ਆਪਣੇ ਟ੍ਰਾਇਲਜ਼ ਅਤੇ ਉਨ੍ਹਾਂ ਦੇ ਨਤੀਜਿਆਂ ਬਾਰੇ ਅਜੇ ਤੱਕ ਜਨਤਕ ਰੂਪ ਨਾਲ ਕੁੱਝ ਨਹੀਂ ਕਿਹਾ ਹੈ।


Inder Prajapati

Content Editor

Related News