ਦੇਸ਼ ’ਚ ਜੂਨ ’ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 28.60 ਫ਼ੀਸਦੀ ਵਧੀ : ਫਾਡਾ
Wednesday, Jul 09, 2025 - 10:18 AM (IST)

ਮੁੰਬਈ- ਦੇਸ਼ ’ਚ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 28.60 ਫ਼ੀਸਦੀ ਵਧ ਕੇ 1,80,238 ਯੂਨਿਟ ਹੋ ਗਈ। ਮੋਟਰ ਵਾਹਨ ਡੀਲਰਾਂ ਦੇ ਸਿਖਰ ਸੰਗਠਨ ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 79.95 ਫ਼ੀਸਦੀ ਵਧ ਕੇ 13,178 ਇਕਾਈ ਹੋ ਗਈ, ਜਦੋਂ ਕਿ ਜੂਨ 2024 ’ਚ ਇਹ 7,323 ਯੂਨਿਟ ਰਹੀ ਸੀ।
ਫਾਡਾ ਨੇ ਕਿਹਾ ਕਿ ਸਾਰਾ ਇਲੈਕਟ੍ਰਿਕ ਵਾਹਨ ਬਾਜ਼ਾਰ ’ਚ ਈ-ਯਾਤਰੀ ਵਾਹਨਾਂ ਦੀ ਹਿੱਸੇਦਾਰੀ ਜੂਨ 2024 ਦੇ 2.5 ਫ਼ੀਸਦੀ ਤੋਂ ਵਧ ਕੇ ਜੂਨ 2025 ’ਚ 4.4 ਫ਼ੀਸਦੀ ਹੋ ਗਈ। ਸਮੀਖਿਆ ਅਧੀਨ ਮਹੀਨੇ ’ਚ ਇਲੈਕਟ੍ਰਿਕ ਤਿਪਹੀਆ ਵਾਹਨਾਂ ਦੀ ਵਿਕਰੀ 60,559 ਇਕਾਈ ਦਰਜ ਕੀਤੀ ਗਈ। ਅੰਕੜਿਆਂ ਅਨੁਸਾਰ ਇਲੈਕਟ੍ਰਿਕ ਤਿਪਹੀਆ ਸੈਗਮੈਂਟ ਦੀ ਜੂਨ 2025 ’ਚ ਕੁੱਲ ਈ. ਵੀ. ਮੰਗ ’ਚ ਹਿੱਸੇਦਾਰੀ 60.2 ਫ਼ੀਸਦੀ ਰਹੀ, ਜਦੋਂ ਕਿ ਜੂਨ 2024 ’ਚ ਇਹ 55.4 ਫ਼ੀਸਦੀ ਸੀ।
ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ ਜੂਨ ’ਚ 31.69 ਫ਼ੀਸਦੀ ਵਧ ਕੇ 105,355 ਯੂਨਿਟਸ ਹੋ ਗਈ, ਜਦੋਂ ਕਿ ਜੂਨ 2024 ’ਚ 80,003 ਈ-ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ ਦਰਜ ਕੀਤੀ ਗਈ ਸੀ। ਇਲੈਕਟ੍ਰਿਕ ਵਪਾਰਕ ਵਾਹਨਾਂ ਦੀ ਪ੍ਰਚੂਨ ਵਿਕਰੀ ਵੀ ਜੂਨ ’ਚ 122.5 ਫ਼ੀਸਦੀ ਵਧ ਕੇ 1,146 ਇਕਾਈ ਰਹੀ। ਫਾਡਾ ਦੇ ਪ੍ਰਧਾਨ ਸੀ. ਐੱਸ. ਵਿਗਨੇਸ਼ਵਰ ਨੇ ਦੱਸਿਆ ਕਿ ਇਲੈਕਟ੍ਰਿਕ ਟ੍ਰਾਂਸਪੋਰਟ ਸਾਰੇ ਖੇਤਰਾਂ ’ਚ ਬੇਮਿਸਾਲ ਰਫ਼ਤਾਰ ਫੜ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8