ਦੇਸ਼ ''ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 69 ਲੱਖ ਦੇ ਪਾਰ

Friday, Oct 09, 2020 - 11:24 AM (IST)

ਦੇਸ਼ ''ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 69 ਲੱਖ ਦੇ ਪਾਰ

ਨਵੀਂ ਦਿੱਲੀ- ਭਾਰਤ 'ਚ ਇਕ ਦਿਨ 'ਚ ਕੋਵਿਡ-19 ਦੇ 70,496 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਪੀੜਤਾਂ ਦੀ ਗਿਣਤੀ ਵੱਧ ਕੇ 69 ਲੱਖ ਤੋਂ ਵੱਧ ਹੋ ਗਈ ਹੈ। ਉੱਥੇ ਹੀ ਦੇਸ਼ 'ਚ ਕਰੀਬ ਇਕ ਮਹੀਨੇ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 9 ਲੱਖ ਤੋਂ ਘੱਟ ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 12.94 ਫੀਸਦੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 69,06,151 ਹੋ ਗਈ ਹੈ। ਉੱਥੇ ਹੀ ਪਿਛਲੇ 24 ਘੰਟਿਆਂ 'ਚ 964 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,06,490 ਹੋ ਗਈ। 

ਅੰਕੜਿਆਂ ਅਨੁਸਾਰ ਦੇਸ਼ 'ਚ ਇਨਫੈਕਸ਼ਨ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 59,06,069 ਹੋ ਗਈ ਹੈ। ਇਸ ਨਾਲ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 85.52 ਫੀਸਦੀ 'ਤੇ ਪਹੁੰਚ ਗਈ ਹੈ। ਫਿਲਹਾਲ ਦੇਸ਼ 'ਚ 8,93,592 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਜਾਰੀ ਹੈ। ਕੋਵਿਡ-19 ਨਾਲ ਮੌਤ ਦਰ 1.54 ਫੀਸਦੀ ਹੈ। ਭਾਰਤ 'ਚ ਕੋਵਿਡ-19 ਦੇ ਮਾਮਲੇ 7 ਅਗਸਤ ਨੂੰ 20 ਲੱਖ, 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ, 16 ਸਤੰਬਰ ਨੂੰ 50 ਲੱਖ ਅਤੇ 28 ਸਤੰਬਰ ਨੂੰ 60 ਲੱਖ ਦੇ ਪਾਰ ਚਲੇ ਗਏ ਸਨ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ ਦੇਸ਼ 'ਚ 8 ਅਕਤੂਬਰ ਤੱਕ ਕੋਵਿਡ-19 ਦੇ 8,46,34,680 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 11,68,705 ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ।


author

DIsha

Content Editor

Related News