ਦੇਸ਼ ''ਚ ਕੋਰੋਨਾ ਪੀੜਤਾਂ ਦੀ ਗਿਣਤੀ 56 ਲੱਖ ਦੇ ਪਾਰ, ਹੁਣ ਤੱਕ 90 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

Wednesday, Sep 23, 2020 - 10:49 AM (IST)

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਕ ਦਿਨ 'ਚ 83,347 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਕੁੱਲ ਗਿਣਤੀ 56 ਲੱਖ ਤੋਂ ਵੱਧ ਹੋ ਗਈ ਹੈ, ਜਿਨ੍ਹਾਂ 'ਚੋਂ 45 ਲੱਖ ਤੋਂ ਵੱਧ ਸਿਹਤਯਾਬ ਹੋ ਚੁਕੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 81.25 ਫੀਸਦੀ ਹੋ ਗਈ ਹੈ। ਮੰਤਰਾਲੇ ਵਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ 'ਚ 83,347 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 56,46,010 ਹੋ ਗਏ। ਉੱਥੇ ਹੀ 1,085 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 90,020 ਹੋ ਗਈ। ਦੇਸ਼ 'ਚ ਹੁਣ ਤੱਕ 45,87,613 ਲੋਕ ਸਿਹਤਯਾਬ ਹੋ ਚੁਕੇ ਹਨ।

ਕੋਵਿਡ-19 ਨਾਲ ਮੌਤ ਦਰ ਡਿੱਗ ਕੇ 1.59 ਫੀਸਦੀ ਰਹਿ ਗਈ ਹੈ। ਅੰਕੜਿਆਂ ਅਨੁਸਾਰ, ਦੇਸ਼ 'ਚ ਹੁਣ 9,68,377 ਮਰੀਜ਼ਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਜਾਰੀ ਹੈ, ਜੋ ਕੁੱਲ ਮਾਮਲਿਆਂ ਦਾ 17.15 ਫੀਸਦੀ ਹੈ। ਭਾਰਤ 'ਚ ਕੋਵਿਡ-19 ਦੇ ਮਾਮਲੇ 7 ਅਗਸਤ ਨੂੰ 20 ਲੱਖ ਦੇ ਪਾਰ, 23 ਅਗਸਤ ਨੂੰ 30 ਲੱਖ ਦੇ ਪਾਰ, 5 ਸਤੰਬਰ ਨੂੰ 40 ਲੱਖ ਦੇ ਪਾਰ ਅਤੇ 16 ਸਤੰਬਰ ਨੂੰ 50 ਲੱਖ ਦੇ ਪਾਰ ਚੱਲੇ ਗਏ ਸਨ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ, ਦੇਸ਼ 'ਚ 22 ਸਤੰਬਰ ਤੱਕ ਕੁੱਲ 6,62,79,462 ਨਮੂਨਿਆਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ, ਇਨ੍ਹਾਂ 'ਚੋਂ 9,53,683 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ।


DIsha

Content Editor

Related News