ਮਿਲਾਵਟੀ ਤੇ ਨਕਲੀ ਸਾਮਾਨ ਬਣਾਉਣ ਵਾਲਿਆਂ ਦੀ ਖੈਰ ਨਹੀਂ, ਹੋਵੇਗੀ ਉਮਰ ਕੈਦ ਦੀ ਸਜ਼ਾ

Saturday, Jul 13, 2019 - 12:00 PM (IST)

ਮਿਲਾਵਟੀ ਤੇ ਨਕਲੀ ਸਾਮਾਨ ਬਣਾਉਣ ਵਾਲਿਆਂ ਦੀ ਖੈਰ ਨਹੀਂ, ਹੋਵੇਗੀ ਉਮਰ ਕੈਦ ਦੀ ਸਜ਼ਾ

ਨਵੀਂ ਦਿੱਲੀ— ਮਿਲਾਵਟੀ ਅਤੇ ਨਕਲੀ ਸਾਮਾਨ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਉਨ੍ਹਾਂ ਨੂੰ ਹੁਣ 6 ਮਹੀਨੇ ਤੋਂ ਲੈ ਕੇ 7 ਸਾਲ ਤੱਕ ਜੇਲ ਹੋ ਸਕਦੀ ਹੈ। ਸਰਕਾਰ ਨੇ ਨਵੇਂ ਉਪਭੋਗਤਾ ਸੁਰੱਖਿਆ ਬਿੱਲ 'ਚ ਇਹ ਪ੍ਰਬੰਧ ਕੀਤਾ ਹੈ। ਇਸ ਬਿੱਲ ਨੂੰ ਸੰਸਦ ਦੇ ਚਾਲੂ ਸੈਸ਼ਨ 'ਚ 2 ਦਿਨ ਪਹਿਲਾਂ ਲੋਕ ਸਭਾ 'ਚ ਰੱਖਿਆ ਗਿਆ ਹੈ। ਆਸ ਹੈ ਕਿ ਚਾਲੂ ਸੈਸ਼ਨ 'ਚ ਬਿੱਲ ਦੋਹਾਂ ਸਦਨਾਂ 'ਚ ਪਾਸ ਹੋ ਜਾਵੇਗਾ।

ਜੇਕਰ ਮਿਲਾਵਟੀ ਜਾਂ ਨਕਲੀ ਸਾਮਾਨ ਦੀ ਵਰਤੋਂ ਨਾਲ ਉਪਭੋਗਤਾ ਦੀ ਮੌਤ ਹੋ ਜਾਂਦੀ ਹੈ ਤਾਂ ਸਾਮਾਨ ਬਣਾਉਣ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਵੀ ਮਿਲ ਸਕਦੀ ਹੈ ਅਤੇ ਘੱਟੋ-ਘੱਟ 10 ਲੱਖ ਦਾ ਜ਼ੁਰਮਾਨਾ ਹੋਵੇਗਾ। ਗੰਭੀਰ ਨੁਕਸਾਨ ਹੋਣ ਦੀ ਸਥਿਤੀ 'ਚ ਨਿਰਮਾਤਾ ਨੂੰ 7 ਸਾਲ ਦੀ ਜੇਲ ਅਤੇ 5 ਲੱਖ ਰੁਪਏ ਦਾ ਜ਼ੁਰਮਾਨਾ ਹੋਵੇਗਾ। ਜੇਕਰ ਉਪਭੋਗਤਾ ਨੂੰ ਮਿਲਾਵਟੀ ਸਾਮਾਨ ਦੀ ਵਰਤੋਂ ਨਾਲ ਮਾਮੂਲੀ ਨੁਕਸਾਨ ਹੁੰਦਾ ਹੈ ਤਾਂ ਇਕ ਸਾਲ ਦੀ ਜੇਲ ਅਤੇ 3 ਲੱਖ ਰੁਪਏ ਜ਼ੁਰਮਾਨਾ ਹੋਵੇਗਾ।

ਮਿਲਾਵਟੀ ਅਤੇ ਨਕਲੀ ਸਾਮਾਨ ਨਾਲ ਉਪਭੋਗਤਾ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਤਾਂ ਸਾਮਾਨ ਬਣਾਉਣ ਵਾਲੇ ਨੂੰ 6 ਮਹੀਨੇ ਦੀ ਜੇਲ ਅਤੇ ਇਕ ਲੱਖ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਮੈਨਿਊਫੈਕਚਰਜ਼ ਦੇ ਲਾਇਸੈਂਸ ਨੂੰ ਵੀ ਰੱਦ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।


author

DIsha

Content Editor

Related News