ਕਫ ਸਿਰਪ ਮਾਮਲੇ ਦੇ ਮੁੱਖ ਦੋਸ਼ੀ ਦੀ 28 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ

Friday, Jan 23, 2026 - 03:42 PM (IST)

ਕਫ ਸਿਰਪ ਮਾਮਲੇ ਦੇ ਮੁੱਖ ਦੋਸ਼ੀ ਦੀ 28 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ

ਵਾਰਾਣਸੀ/ਸੋਨਭੱਦਰ- ਉੱਤਰ ਪ੍ਰਦੇਸ਼ ਦੀ ਸੋਨਭੱਦਰ ਜ਼ਿਲ੍ਹਾ ਪੁਲਸ ਨੇ ਕੋਡੀਨਯੁਕਤ ਕਫ ਸਿਰਪ ਦੇ ਕਾਰੋਬਾਰ ਵਿਰੁੱਧ ਇਕ ਵੱਡੀ ਕਾਰਵਾਈ ਅੰਜਾਮ ਦਿੱਤੀ ਹੈ। ਪੁਲਸ ਨੇ ਇਸ ਸਿੰਡੀਕੇਟ ਦੇ ਮੁੱਖ ਮੁਲਜ਼ਮ ਭੋਲਾ ਜਾਇਸਵਾਲ ਦੀ ਵਾਰਾਣਸੀ ਸਥਿਤ ਲਗਭਗ 28 ਕਰੋੜ 50 ਲੱਖ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਇਹ ਕਾਰਵਾਈ ਸੋਨਭੱਦਰ ਦੇ ਪੁਲਸ ਖੇਤਰ ਅਧਿਕਾਰੀ (ਸੀ.ਓ.) ਰਣਧੀਰ ਮਿਸ਼ਰਾ ਦੀ ਅਗਵਾਈ 'ਚ ਵਾਰਾਣਸੀ ਦੇ ਤਿੰਨ ਵੱਖ-ਵੱਖ ਸਥਾਨਾਂ 'ਤੇ ਕੀਤੀ ਗਈ।

ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਹੋਈ ਸੀ ਗ੍ਰਿਫ਼ਤਾਰੀ 

ਪੁਲਸ ਅਨੁਸਾਰ, ਮੁਲਜ਼ਮ ਭੋਲਾ ਜਾਇਸਵਾਲ ਵਾਰਾਣਸੀ ਦੇ ਆਦਮਪੁਰ ਥਾਣਾ ਖੇਤਰ ਦੇ ਪ੍ਰਹਲਾਦ ਘਾਟ ਦਾ ਰਹਿਣ ਵਾਲਾ ਹੈ। ਉਸ ਨੂੰ ਕੁਝ ਸਮਾਂ ਪਹਿਲਾਂ ਕੋਲਕਾਤਾ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਵਿਦੇਸ਼ ਭੱਜਣ ਦੀ ਫਿਰਾਕ 'ਚ ਸੀ। ਵਿਸ਼ੇਸ਼ ਜਾਂਚ ਟੀਮ (SIT) ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਜਾਇਸਵਾਲ ਇਕ ਸੰਗਠਿਤ ਸਿੰਡੀਕੇਟ ਚਲਾ ਰਿਹਾ ਸੀ, ਜਿਸ ਰਾਹੀਂ ਉਸ ਨੇ ਕਫ ਸਿਰਪ ਦੇ ਨਜਾਇਜ਼ ਧੰਦੇ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਸੀ।

ਅਦਾਲਤੀ ਹੁਕਮਾਂ ਤੋਂ ਬਾਅਦ ਹੋਈ ਕਾਰਵਾਈ 

ਸੋਨਭੱਦਰ ਦੇ ਪੁਲਸ ਸੁਪਰਡੈਂਟ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਅਦਾਲਤ ਨੇ ਲੋੜੀਂਦੇ ਸਬੂਤਾਂ ਦੇ ਆਧਾਰ 'ਤੇ ਵੀਰਵਾਰ ਨੂੰ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਤੋਂ ਬਾਅਦ ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਜ਼ਬਤੀ ਦੀ ਕਾਰਵਾਈ ਪੂਰੀ ਕੀਤੀ ਗਈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ੀਲੇ ਕਫ ਸਿਰਪ ਦੇ ਕਾਰੋਬਾਰ 'ਚ ਸ਼ਾਮਲ ਹੋਰ ਲੋਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।

ਸਿਆਸੀ ਗਲਿਆਰਿਆਂ 'ਚ ਵੀ ਗੂੰਜਿਆ ਮਾਮਲਾ 

ਇਹ ਮਾਮਲਾ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਜਿੱਥੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਦਨ 'ਚ ਦੱਸਿਆ ਕਿ ਸੂਬੇ 'ਚ ਇਸ ਮਾਮਲੇ 'ਚ ਹੁਣ ਤੱਕ 79 ਕੇਸ ਦਰਜ ਕੀਤੇ ਗਏ ਹਨ ਅਤੇ 78 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 134 ਫਰਮਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਐੱਸ.ਟੀ.ਐੱਫ. (STF) ਵੱਲੋਂ ਕੀਤੀ ਜਾ ਰਹੀ ਡੂੰਘੀ ਜਾਂਚ 'ਚ ਕਈ ਹੋਰ ਸਿਆਸੀ ਸਬੰਧ ਵੀ ਸਾਹਮਣੇ ਆ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News