ਲੋਕ ਸਭਾ ’ਚ ਜੈਸ਼ੰਕਰ ਨੇ ਕਿਹਾ- ਕੋਰੋਨਾ ਕਾਰਨ ਵਿਦੇਸ਼ਾਂ ’ਚ ਫਸੇ ਭਾਰਤੀਆਂ ਦੀ ਕਰਵਾਵਾਂਗੇ ਵਾਪਸੀ

03/12/2020 2:40:46 PM

ਨਵੀਂ ਦਿੱਲੀ (ਵਾਰਤਾ)— ਕੋਰੋਨਾ ਵਾਇਰਸ ਦਾ ਮੁੱਦਾ ਅੱਜ ਭਾਵ ਵੀਰਵਾਰ ਨੂੰ ਲੋਕ ਸਭਾ 'ਚ ਚੁੱਕਿਆ ਗਿਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੇਸ਼ ਨੂੰ ਭਰੋਸਾ ਦਿੱਤਾ ਕਿ ਉਹ  ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਦੀ ਦੇਸ਼ ਵਾਪਸੀ ਨੂੰ ਲੈ ਕੇ ਵਚਨਬੱਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਤੋਂ ਬਾਅਦ ਇਟਲੀ 'ਚ ਫਸੇ ਭਾਰਤੀਆਂ ਦੀ ਵਾਪਸੀ ਵੀ ਯਕੀਨੀ ਕੀਤੀ ਜਾਵੇਗੀ। ਲੋਕ ਸਭਾ 'ਚ ਸੰਸਦ ਮੈਂਬਰਾਂ ਦੇ ਸਪੱਸ਼ਟੀਕਰਨ ਮੰਗੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਤਰਜੀਹ ਦੇ ਆਧਾਰ 'ਤੇ ਉਨ੍ਹਾਂ ਦੇਸ਼ਾਂ ਤੋਂ ਨਾਗਰਿਕਾਂ ਨੂੰ ਪਹਿਲਾਂ ਲਿਆਵੇਗੀ, ਜਿੱਥੇ ਕੋਰੋਨਾ ਦਾ ਕਹਿਰ ਜ਼ਿਆਦਾ ਹੈ। ਅਜੇ ਈਰਾਨ ਅਤੇ ਇਟਲੀ ਦੀ ਸਥਿਤੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਇਸ ਲਈ ਸਰਕਾਰ ਦਾ ਫੋਕਸ ਇਨ੍ਹਾਂ ਦੋਹਾਂ ਦੇਸ਼ਾਂ 'ਤੇ ਪਹਿਲਾਂ ਰਹੇਗਾ। 

ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਈਰਾਨ ਤੋਂ 58 ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਹੀ ਵਾਪਸ ਲਿਆਂਦਾ ਗਿਆ ਹੈ ਅਤੇ 200 ਤੋਂ ਵਧੇਰੇ ਲੋਕਾਂ ਨੂੰ ਵਾਪਸ ਲਿਆਂਦਾ ਜਾਵੇਗਾ। ਇਟਲੀ 'ਚ ਅੱਜ ਇਕ ਮੈਡੀਕਲ ਟੀਮ ਭੇਜੀ ਜਾ ਰਹੀ ਹੈ, ਜੋ ਉੱਥੇ ਫਸੇ ਭਾਰਤੀਆਂ ਦੀ ਜਾਂਚ ਕਰੇਗੀ, ਤਾਂ ਕਿ ਉਨ੍ਹਾਂ ਨੂੰ ਵਾਪਸ ਲਿਆਂਦਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਹਾਂ ਦੇਸ਼ਾਂ 'ਚ ਸਥਾਨਕ ਪੱਧਰ 'ਤੇ ਜਾਂਚ ਲਈ ਲੰਬਾ ਸਮਾਂ ਲੱਗ ਰਿਹਾ ਹੈ, ਇਸ ਲਈ ਭਾਰਤ ਆਪਣੀ ਖੁਦ ਦੀ ਜਾਂਚ ਟੀਮ ਭੇਜ ਰਿਹਾ ਹੈ ਤਾਂ ਕਿ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਸਕੇ। ਇਟਲੀ ਤੋਂ ਲੋਕਾਂ ਨੂੰ ਲਿਆਉਣ ਲਈ ਉਨ੍ਹਾਂ ਕੋਲ ਕੋਰੋਨਾ ਤੋਂ ਮੁਕਤ ਹੋਣ ਦਾ ਸਰਟੀਫਿਕੇਟ ਜ਼ਰੂਰੀ ਹੈ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਬਾਰੇ ਪਹਿਲਾਂ ਹੀ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ। 

ਜੈਸ਼ੰਕਰ ਨੇ ਕਿਹਾ ਕਿ ਸਰਕਾਰ ਵੱਖ-ਵੱਖ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵਚਨਬੱਧ ਹੈ ਅਤੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਫੜਾ-ਦਫੜੀ ਦੀ ਸਥਿਤੀ ਨਹੀਂ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਦੇ ਵੁਹਾਨ ਅਤੇ ਜਾਪਾਨ ਦੇ ਡਾਇਮੰਡ ਪ੍ਰਿਸੇਂਜ ਕਰੂਜ਼ ਤੋਂ ਭਾਰਤੀਆਂ ਨੂੰ ਕੱਢਣ ਅਤੇ ਈਰਾਨ 'ਚ ਫਸੇ ਭਾਰਤੀਆਂ ਨੂੰ ਕੱਢਣ ਦੇ ਹਲਾਤਾਂ 'ਚ ਫਰਕ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਵਾਪਸ ਭਾਰਤ ਲਿਆਂਦਾ ਜਾਵੇ। ਸਰਕਾਰ ਦੇਸ਼ ਪਰਤਣ ਵਾਲੇ ਹਰ ਨਾਗਰਿਕ ਨੂੰ ਹਰਸੰਭਵ ਮਦਦ ਕਰਨ ਨੂੰ ਤਿਆਰ ਹੈ। ਸਰਕਾਰ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਰਹਿਣ ਵਾਲੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਕਲਿਆਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵੀਜ਼ਾ ਰੱਦ ਕੀਤੇ ਜਾਣ 'ਤੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ 15 ਅਪ੍ਰੈਲ ਤਕ ਸਰਕਾਰ ਨੇ ਵੀਜ਼ਾ 'ਤੇ ਪਾਬੰਦੀ ਲਾਈ ਹੈ। ਅਜਿਹਾ ਸਿਰਫ ਭਾਰਤ ਨੇ ਹੀ ਨਹੀਂ ਸਗੋਂ ਹੋਰ ਦੇਸ਼ਾਂ ਨੇ ਵੀ ਕੀਤਾ ਹੈ। 


Tanu

Content Editor

Related News