ਭਾਰਤ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਇੱਕ ਦਿਨ 'ਚ 6 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ

05/22/2020 10:07:25 AM

ਨਵੀਂ ਦਿੱਲੀ-ਦੇਸ਼ ਭਰ 'ਚ ਫੈਲੀ ਮਹਾਮਾਰੀ ਕੋਰੋਨਾਵਾਇਰਸ ਦੇ ਇਕ ਦਿਨ 'ਚ 6 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਣ ਕਾਰਨ ਹੁਣ ਪੀੜਤਾਂ ਦਾ ਅੰਕੜਾ 1 ਲੱਖ 18 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ ਪਰ ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ 3000 ਤੋਂ ਜਿਆਦਾ ਲੋਕਾਂ ਨੇ ਇਸ ਵਾਇਰਸ ਤੋਂ ਮੁਕਤੀ ਵੀ ਪਾਈ ਹੈ। 

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਅੱਜ ਭਾਵ ਸ਼ੁੱਕਰਵਾਰ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6088 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਪੀੜਤ ਮਾਮਲਿਆਂ ਦੀ ਗਿਣਤੀ 1,18,447 ਤੱਕ ਪਹੁੰਚ ਚੁੱਕੀ ਹੈ। ਦੇਸ਼ ਭਰ 'ਚ ਹੁਣ 66330 ਸਰਗਰਮ ਮਾਮਲੇ ਹਨ। ਇਸ ਤੋਂ ਇਕ ਦਿਨ ਪਹਿਲਾਂ 5609 ਨਵੇਂ ਮਾਮਲੇ ਸਾਹਮਣੇ ਆਏ ਸਨ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 148 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 3583 ਤੱਕ ਪਹੁੰਚ ਗਿਆ ਹੈ। ਇਸ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ 3234 ਲੋਕਾਂ ਨੇ ਇਸ ਵਾਇਰਸ ਤੋਂ ਮੁਕਤੀ ਪਾਈ ਹੈ, ਜਿਸ ਕਾਰਨ ਹੁਣ ਤੱਕ ਦੇਸ਼ ਭਰ 'ਚ 48533 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। 

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ ਭਰ 'ਚ ਸਭ ਤੋਂ ਜਿਆਦਾ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ, ਜਿੱਥੇ ਕੁੱਲ ਪੀੜਤ ਮਾਮਲਿਆਂ 'ਚ ਇਕ ਤਿਹਾਈ ਤੋਂ ਜਿਆਦਾ ਹਿੱਸਾ ਇੱਥੋ ਦਾ ਹੈ। ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ 2345 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਪੀੜਤਾਂ ਦੀ ਗਿਣਤੀ ਵੱਧ ਕੇ 41642 ਤੱਕ ਪਹੁੰਚ ਗਈ ਹੈ ਅਤੇ ਕੁੱਲ 1454 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 11726 ਲੋਕ ਠੀਕ ਵੀ ਹੋ ਚੁੱਕੇ ਹਨ।


Iqbalkaur

Content Editor

Related News