ਕੋਰੋਨਾਵਾਇਰਸ: ਇਟਲੀ, ਈਰਾਨ ਤੇ ਕੋਰੀਆ ਦੀ ਯਾਤਰਾ ਨਾ ਕਰਨ ਭਾਰਤੀ, ਐਡਵਾਇਜ਼ਰੀ ਜਾਰੀ

Wednesday, Feb 26, 2020 - 09:22 PM (IST)

ਨਵੀਂ ਦਿੱਲੀ- ਕੋਰੋਨਾਵਾਇਰਸ ਦੇ ਦੁਨੀਆਭਰ ਵਿਚ ਵਧਦੇ ਅਸਰ ਨੂੰ ਦੇਖਦਿਆਂ ਭਾਰਤ ਵਲੋਂ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਉਹ ਇਟਲੀ, ਈਰਾਨ ਤੇ ਕੋਰੀਆ ਦੀ ਯਾਤਰਾ ਨਾ ਕਰਨ। 26 ਫਰਵਰੀ ਨੂੰ ਜਾਰੀ ਨਵੀਂ ਯਾਤਰਾ ਐਡਵਾਇਜ਼ਰੀ ਵਿਚ ਇਹਨਾਂ ਦੇਸ਼ਾਂ ਤੋਂ ਇਲਾਵਾ ਚੀਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਕੋਰੀਆ, ਈਰਾਨ ਤੇ ਇਟਲੀ ਤੋਂ ਆਉਣ ਵਾਲੇ ਜਾਂ 10 ਫਰਵਰੀ ਤੋਂ ਬਾਅਦ ਇਹਨਾਂ ਦੇਸ਼ਾਂ ਦੀ ਯਾਤਰਾ ਦਾ ਇਤਿਹਾਸ ਰੱਖਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਵੱਖਰਾ ਰੱਖੇ ਜਾਣ ਦੀ ਸਲਾਹ ਦਿੱਤੀ ਗਈ ਹੈ। ਸਿਹਤ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਹੈ ਕਿ ਇਹਨਾਂ ਦੇਸ਼ਾਂ ਵਿਚ ਕੋਵਿਡ-19 ਕਾਰਨ ਵਿਗੜੇ ਹਾਲਾਤ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਵਿਚ 30 ਤੋਂ ਵਧੇਰੇ ਦੇਸ਼ਾਂ ਵਿਚ ਮਾਰ ਕਰਨ ਵਾਲੇ ਜਾਨਲੇਵਾ ਵਾਇਰਸ ਕੋਵਿਡ-19 ਨੂੰ ਅੰਤਰਰਾਸ਼ਟਰੀ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਹੈ। ਇਸ ਦੌਰਾਨ ਕੁਝ ਭਾਰਤੀ ਹਵਾਈ ਅੱਡਿਆਂ ਨੇ ਜਾਪਾਨ, ਦੱਖਣੀ ਕੋਰੀਆ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਵੀਅਤਨਾਮ, ਇੰਡੋਨੇਸ਼ੀਆ ਤੇ ਨੇਪਾਲ ਤੋਂ ਇਲਾਵਾ ਚੀਨ ਅਤੇ ਹਾਂਗਕਾਂਗ ਤੋਂ ਆਉਣ ਵਾਲੀਆਂ ਉਡਾਣਾਂ ਰਾਹੀਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। 

ਜ਼ਿਕਰਯੋਗ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,715 ਹੋ ਗਈ ਜਦਕਿ ਹੁਣ ਤੱਕ ਕੁੱਲ 78,000 ਮਰੀਜ਼ਾਂ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਹੁਬੇਈ ਸੂਬੇ ਵਿਚ 52 ਲੋਕਾਂ ਦੀ ਮੌਤ ਹੋਈ ਅਤੇ 401 ਨਵੇਂ ਮਾਮਲੇ ਦਰਜ ਕੀਤੇ ਗਏ ਹਨ।


Baljit Singh

Content Editor

Related News