'ਕੋਰੋਨਿਲ' 'ਤੇ ਪਤੰਜਲੀ ਦਾ ਯੂ-ਟਰਨ, ਕਿਹਾ- 'ਕੋਰੋਨਾ ਦੇ ਇਲਾਜ ਲਈ ਨਹੀਂ ਬਣਾਈ ਕੋਈ ਦਵਾਈ'

06/30/2020 3:57:34 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਇਲਾਜ ਲਈ 'ਕੋਰੋਨਿਲ' ਦਵਾਈ ਬਣਾਉਣ ਵਾਲੀ ਕੰਪਨੀ ਪਤੰਜਲੀ ਨੇ ਯੂ-ਟਰਨ ਲੈ ਲਿਆ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਕੋਰੋਨਾ ਦੇ ਇਲਾਜ ਲਈ ਕੋਈ ਦਵਾਈ ਨਹੀਂ ਬਣਾਈ ਹੈ। ਆਯੁਸ਼ ਮੰਤਰਾਲੇ ਵੱਲੋਂ ਭੇਜੇ ਗਏ ਨੋਟਿਸ ਦੇ ਜਵਾਬ ਵਿਚ ਪਤੰਜਲੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਨਹੀਂ ਕੀਤਾ। ਸਗੋਂ ਉਨ੍ਹਾਂ ਨੇ ਇਕ ਅਜਿਹੀ ਦਵਾਈ ਬਣਾਈ ਹੈ, ਜਿਸ ਨਾਲ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ।

PunjabKesari

ਪਤੰਜਲੀ ਆਯੁਰਵੈਦ ਦੇ ਪ੍ਰਧਾਨ ਆਚਾਰਿਆ ਬਾਲਕ੍ਰਿਸ਼ਣ ਦਾ ਕਹਿਣਾ ਹੈ, 'ਪਤੰਜਲੀ ਆਯੁਰਵੈਦ ਹੁਣ ਵੀ ਆਪਣੇ ਦਾਅਵੇ ਅਤੇ ਦਵਾਈ 'ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਗੱਲ ਕਹੀ ਹੀ ਨਹੀਂ ਸੀ ਕਿ ਇਹ ਦਵਾਈ ਕੋਰੋਨਾ ਦਾ ਇਲਾਜ ਕਰਦੀ ਹੈ। ਅਸੀਂ ਇਹ ਕਿਹਾ ਸੀ ਕਿ ਇਸ ਦਵਾਈ ਨਾਲ ਕਲੀਨੀਕਲ ਟ੍ਰਾਇਲ ਦੌਰਾਨ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ। ਇਸ ਵਿਚ ਕੋਈ ਉਲਝਣ (confusion) ਦੀ ਗੱਲ ਨਹੀਂ ਹੈ। ਆਯੁਸ਼ ਮੰਤਰਾਲਾ ਵੱਲੋਂ ਜ਼ਾਰੀ ਨੋਟਿਸ ਦਾ ਜਵਾਬ ਦੇ ਦਿੱਤਾ ਗਿਆ ਹੈ।'

ਦੱਸ ਦੇਈਏ ਕਿ ਯੋਗ ਗੁਰੂ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਸੀ ਕਿ ਇਸ ਦਵਾਈ ਦਾ ਜਿਨ੍ਹਾਂ ਮਰੀਜ਼ਾਂ 'ਤੇ ਕਲੀਨੀਕਲ ਟ੍ਰਾਇਲ ਕੀਤਾ ਗਿਆ ਹੈ, ਉਨ੍ਹਾਂ ਵਿਚੋਂ 69 ਫ਼ੀਸਦੀ ਮਰੀਜ਼ ਸਿਰਫ 3 ਦਿਨ ਵਿਚ ਪਾਜ਼ੀਟਿਵ ਤੋਂ ਨੈਗੇਟਿਵ ਅਤੇ 7 ਦਿਨ ਦੇ ਅੰਦਰ 100 ਫ਼ੀਸਦੀ ਲੋਕ ਕੋਰੋਨਾ ਮੁਕਤ ਹੋ ਗਏ ਹਨ। ਰਾਮਦੇਵ ਨੇ ਦੱਸਿਆ ਸੀ ਕਿ ਇਸ ਦਵਾਈ ਨੂੰ ਬਣਾਉਣ ਲਈ ਸਿਰਫ ਦੇਸੀ ਸਮਾਨ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਮੁਲੱਠੀ-ਕਾੜਾ ਸਮੇਤ ਕਈ ਚੀਜ਼ਾਂ ਪਾਈਆਂ ਗਈਆਂ ਹਨ। ਇਸ ਦੇ ਨਾਲ ਹੀ ਗਿਲੋਏ, ਅਸ਼ਵਗੰਧਾ, ਤੁਲਸੀ, ਸ਼ਵਾਸਰ ਦੀ ਵੀ ਵਰਤੋਂ ਕੀਤੀ ਗਈ ਹੈ ਅਤੇ ਇਹ ਦਵਾਈ ਅਗਲੇ ਸੱਤ ਦਿਨਾਂ ਵਿਚ ਪਤੰਜਲੀ ਦੇ ਸਾਰੇ ਸਟੋਰਾਂ 'ਚ ਮਿਲਣ ਲੱਗ ਜਾਏਗੀ। ਇਸ ਤੋਂ ਇਲਾਵਾ ਸੋਮਵਾਰ ਨੂੰ ਇਕ ਐਪ ਲਾਂਚ ਕੀਤੀ ਜਾਏਗੀ ਜਿਸ ਦੀ ਸਹਾਇਤਾ ਨਾਲ ਇਹ ਦਵਾਈ ਘਰ-ਘਰ ਪਹੁੰਚਾਈ ਜਾਵੇਗੀ ਅਤੇ ਇਸ ਇਕ ਕਿੱਟ ਦੀ ਕੀਮਤ 545 ਰੁਪਏ ਹੈ।


cherry

Content Editor

Related News