''ਕੋਰੋਨਾ'' ਨੇ ਪਟੜੀ ਤੋਂ ਉਤਾਰੀ ਕੁਲੀਆਂ ਦੀ ਜ਼ਿੰਦਗੀ, ਮਦਦ ਲਈ ਨਹੀਂ ਵੱਧ ਰਹੇ ਹੱਥ

5/31/2020 3:19:17 PM

ਨਵੀਂ ਦਿੱਲੀ (ਭਾਸ਼ਾ)— ਅਮਿਤਾਭ ਬੱਚਨ ਦੀ ਫਿਲਮ 'ਕੁਲੀ' ਨੇ ਪਹਿਲੀ ਵਾਰ ਮੁਸਾਫਰਾਂ ਦਾ ਬੋਝ ਚੁੱਕਣ ਵਾਲੇ ਇਸ ਤਬਕੇ ਦੇ ਸੰਘਰਸ਼ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਪਰ ਇੰਨੇ ਸਾਲਾਂ ਬਾਅਦ ਵੀ ਕੁਲੀਆਂ ਦੀ ਜ਼ਿੰਦਗੀ ਬਦਲੀ ਨਹੀਂ ਅਤੇ ਤਿੰਨ ਮਹੀਨੇ ਦੀ ਤਾਲਾਬੰਦੀ ਨੇ ਉਨ੍ਹਾਂ ਨੂੰ ਰੋਜ਼ੀ-ਰੋਟੀ ਲਈ ਮੋਹਤਾਜ ਕਰ ਦਿੱਤਾ ਹੈ। ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਦੀ ਮਦਦ ਲਈ ਕੋਈ ਹੱਥ ਅੱਗੇ ਨਹੀਂ ਵਧਿਆ। ਦੇਸ਼ ਵਿਆਪੀ ਤਾਲਾਬੰਦੀ ਕਾਰਨ 24 ਮਾਰਚ ਤੋਂ ਰੇਲਗੱਡੀਆਂ ਬੰਦ ਹੁੰਦੇ ਹੀ ਕੁਲੀਆਂ ਦੀ ਜ਼ਿੰਦਗੀ ਦੀ ਗੱਡੀ ਵੀ ਪਟੜੀ ਤੋਂ ਉਤਰ ਗਈ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਰਤੇ ਕਰੀਬ ਦੋ ਦਰਜਨ ਕੁਲੀਆਂ ਮੁਤਾਬਕ ਢਾਈ ਮਹੀਨੇ ਤੋਂ ਧੇਲੇ ਦੀ ਕਮਾਈ ਨਹੀਂ ਹੋਈ ਅਤੇ ਹੁਣ ਰੇਲਗੱਡੀਆਂ ਫਿਰ ਚੱਲਣ ਦੇ ਬਾਵਜੂਦ ਮਹਾਮਾਰੀ ਦੇ ਡਰ ਤੋਂ ਯਾਤਰੀ ਉਨ੍ਹਾਂ ਤੋਂ ਕੰਨੀ ਕੱਟ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਸਰਕਾਰ ਵਲੋਂ ਇਨ੍ਹਾਂ ਨੂੰ ਆਰਥਿਕ ਮਦਦ ਮਿਲੀ ਅਤੇ ਨਾ ਹੀ ਕਿਸੇ ਸੰਸਥਾ ਵਲੋਂ ਰਾਸ਼ਨ ਪਾਣੀ।

ਪਿਛਲੇ 40 ਸਾਲਾਂ ਤੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਕੁਲੀ ਦਾ ਕੰਮ ਕਰ ਰਹੇ ਰਾਜਸਥਾਨ ਦੇ ਸੂਬੇ ਸਿੰਘ ਆਪਣੇ 4 ਬੱਚਿਆਂ ਅਤੇ ਪਤਨੀ ਨਾਲ ਪਹਾੜਗੰਜ 'ਚ ਕਿਰਾਏ ਦੇ ਕਮਰੇ 'ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਚੱਟਨੀ ਰੋਟੀ ਖਾ ਕੇ ਗੁਜ਼ਾਰਾ ਕਰ ਰਹੇ ਹਨ ਅਤੇ ਮਕਾਨ ਮਾਲਕ ਨੇ ਕਿਰਾਇਆ ਤੱਕ ਮੁਆਫ਼ ਨਹੀਂ ਕੀਤਾ। ਸਾਡਾ ਤਾਂ ਰਾਸ਼ਨ ਕਾਰਡ ਵੀ ਨਹੀਂ ਹੈ, ਉਧਾਰ 'ਤੇ ਗੁਜ਼ਾਰਾ ਹੋ ਰਿਹਾ ਹੈ। ਅਜਿਹਾ ਬੁਰਾ ਸਮਾਂ ਤਾਂ ਪੂਰੀ ਜ਼ਿੰਦਗੀ ਵਿਚ ਨਹੀਂ ਦੇਖਿਆ। ਕੁਲੀਆਂ ਦੇ ਲਾਇਸੈਂਸ ਦੇ ਅੰਕੜਿਆਂ ਮੁਤਾਬਕ ਭਾਰਤ 'ਚ ਕਰੀਬ 20,000 ਤੋਂ ਵੱਧ ਕੁਲੀ ਹਨ। ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਮਜ਼ਦੂਰ ਸਪੈਸ਼ਲ ਰੇਲਗੱਡੀਆਂ ਸ਼ੁਰੂ ਹੋਣ ਤੋਂ ਬਾਅਦ ਕਰੀਬ 25-30 ਕੁਲੀ ਪਰਤ ਆਏ ਹਨ ਪਰ ਕੋਰੋਨਾ ਦਾ ਕਹਿਰ ਜਾਰੀ ਰਹਿਣ ਨਾਲ ਕਮਾਈ ਦੇ ਅਜੇ ਵੀ ਲਾਲੇ ਪਏ ਹਨ। ਜ਼ਿਆਦਾਤਰ ਸਵਾਰੀਆਂ ਬੀਮਾਰੀ ਦੇ ਡਰ ਤੋਂ ਕੁਲੀਆਂ ਤੋਂ ਸਾਮਾਨ ਨਹੀਂ ਚੁੱਕਵਾ ਰਹੀਆਂ। 

ਕੁਲੀਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਦਿਹਾੜੀਦਾਰ ਮਜ਼ੂਦਰ ਹੀ ਹਾਂ ਪਰ ਸਾਡੇ ਵੱਲ ਮਦਦ ਦਾ ਇਕ ਹੱਥ ਵੀ ਨਹੀਂ ਵਧਿਆ। ਰੇਲਵੇ ਨੇ ਸਾਡੇ ਤੋਂ 15 ਅਪ੍ਰੈਲ ਨੂੰ ਆਧਾਰ ਕਾਰਡ, ਬੈਂਕ ਖਾਤੇ ਦਾ ਨੰਬਰ ਅਤੇ ਨਿੱਜੀ ਬਿਓਰਾ ਮੰਗਿਆ ਸੀ। ਅਸੀਂ 27 ਅਪ੍ਰੈਲ ਨੂੰ ਆਨਲਾਈਨ ਕਰੀਬ 900 ਕੁਲੀਆ ਦਾ ਬਿਓਰਾ ਭੇਜ ਦਿੱਤਾ ਪਰ ਉਸ ਤੋਂ ਬਾਅਦ ਕੋਈ ਸੂਚਨਾ ਨਹੀਂ ਮਿਲੀ। ਦਿੱਲੀ ਵਿਚ ਜਿੰਨੇ ਕੁਲੀ ਹਨ, ਉਨ੍ਹਾਂ 'ਚੋਂ ਕਰੀਬ 20 ਫੀਸਦੀ 55 ਸਾਲ ਤੋਂ ਵੱਧ ਉਮਰ ਦੇ ਹਨ। ਉਨ੍ਹਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ ਅਜੇ ਤਾਂ ਉਹ ਵਾਇਰਸ ਦੇ ਡਰ ਤੋਂ ਕੰਮ 'ਤੇ ਵੀ ਨਹੀਂ ਆ ਸਕਦੇ। ਉਨ੍ਹਾਂ ਨੂੰ ਆਰਥਿਕ ਮਦਦ ਦੀ ਸਖਤ ਲੋੜ ਹੈ। ਓਧਰ ਉੱਤਰ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਵਿਸ਼ੇਸ਼ ਰੇਲਗੱਡੀਆਂ ਚਲਾਏ ਜਾਣ ਤੋਂ ਬਾਅਦ ਕੁਲੀਆਂ ਲਈ ਹੀ ਨਹੀਂ ਸਗੋਂ ਸਾਰਿਆਂ ਲਈ ਸਟੇਸ਼ਨਾਂ 'ਤੇ ਮੁਫ਼ਤ ਖਾਣੇ ਦਾ ਇੰਤਜ਼ਾਮ ਕੀਤਾ ਹੈ। ਹੁਣ 1 ਜੂਨ ਤੋਂ ਹੋਰ ਰੇਲਗੱਡੀਆਂ ਚੱਲਣਗੀਆਂ ਅਤੇ ਦਿੱਲੀ ਦੇ ਲੱਗਭਗ ਸਾਰੇ ਸਟੇਸਨ ਖੁੱਲ੍ਹਣਗੇ ਤਾਂ ਇਨ੍ਹਾਂ ਦੀਆਂ ਸਮੱਸਿਆਵਾਂ ਵੀ ਖਤਮ ਹੋ ਜਾਣਗੀਆਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

Content Editor Tanu