ਤਾਮਿਲਨਾਡੂ ''ਚ ਕੋਰੋਨਾ ਮਾਮਲਿਆਂ ''ਚ ਆਈ ਕਮੀ, ਜਲਦੀ ਬੀਮਾਰੀ ਦੇ ਖਾਤਮੇ ਦੀ ਉਮੀਦ
Sunday, Apr 19, 2020 - 08:03 PM (IST)
ਚੇਨਈ-ਦੇਸ਼ ’ਚ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਲਿਹਾਜ ਨਾਲ ਮੁੱਖ 4 ਸੂਬਿਆਂ ’ਚੋਂ ਇਕ ਤਾਮਿਲਨਾਡੂ ’ਚ ਪਿਛਲੇ ਹਫਤੇ ਦੌਰਾਨ ਨਵੇਂ ਮਾਮਲਿਆਂ ਦੀ ਗਿਣਤੀ ’ਚ ਕਮੀ ਆਉਣੀ ਸ਼ੁਰੂ ਹੋ ਗਈ ਹੈ।ਹੁਣ ਤਾਮਿਲਨਾਡੂ ਨੂੰ ਆਉਣ ਵਾਲੇ ਦਿਨਾਂ ’ਚ ਇਨਫੈਕਸ਼ਨ ਦੇ ਮਾਮਲਿਆਂ ’ਚ ਗਿਰਾਵਟ ਆਉਣ ਦੀ ਉਮੀਦ ਹੈ। ਅਧਿਕਾਰੀਆਂ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਅਪਨਾਏ ਰੁਖ ਨੂੰ ਇਸ ਦਾ ਕਾਰਣ ਦੱਸਿਆ ਹੈ। ਸੂਬੇ ’ਚ ਇਸ ਇਨਫੈਕਸ਼ਨ ਰੋਗ ਨਾਲ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰੀ ਸੀ. ਵਿਜੇ ਭਾਸਕਰ ਨੇ ਦੱਸਿਆ ਹੈ ਕਿ ਪਿਛਲੇ 3 ਦਿਨਾਂ ’ਚ ਕੋਵਿਡ-19 ਦੇ ਮਾਮਲਿਆਂ ’ਚ ਕਮੀ ਦੇਖੀ ਗਈ ਹੈ। ਜੋ ਇਹ ਦਰਸਾਉਂਦਾ ਹੈ ਕਿ ਬੀਮਾਰੀ ’ਤੇ ਪ੍ਰਭਾਵੀ ਢੰਗ ਨਾਲ ਨਿਗਰਾਨੀ ਦੀਆਂ ਸਾਡੀਆਂ ਕੋਸ਼ਿਸ਼ਾਂ, ਉੱਚ ਅਹਿਤਿਆਤੀ ਕਦਮ ਉਠਾਉਣ ਅਤੇ ਕੰਟਰੋਲ ਦੀਆਂ ਯੋਜਨਾਵਾਂ ਦੇ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ।
ਤਾਮਿਲਨਾਡੂ ਦੇ ਸਿਹਤ ਅਧਿਕਾਰੀਆਂ ਨੇ ਇਸ ਦੇ ਪਿੱਛੇ ਇਕ ਕਾਰਨ ਸਰਕਾਰ ਦੁਆਰਾ ਨਵੀਂ ਦਿੱਲੀ 'ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਵਾਪਸ ਪਰਤੇ ਸਾਰੇ ਲਗਭਗ 1500 ਲੋਕਾਂ ਦੀ ਜਾਂਚ ਕਰਵਾਉਣ ਨੂੰ ਦੱਸਿਆ ਹੈ। ਇਸ ਤੋਂ ਇਲਾਵਾ ਘਰ-ਘਰ ਜਾ ਕੇ ਨਵੇਂ ਮਾਮਲਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਲਾਕਿਆਂ ਨੂੰ ਸੀਲ ਕਰਨ ਵਰਗੇ ਕਦਮ ਚੁੱਕੇ ਗਏ ਹਨ।