ਕੋਰੋਨਾ ਵਾਇਰਸ :  ਅਰੁਣਾਚਲ ਪ੍ਰਦੇਸ਼ ਨੇ ਵਿਦੇਸ਼ੀਆਂ ਦੀ ਐਂਟਰੀ ''ਤੇ ਲਾਈ ਰੋਕ

Sunday, Mar 08, 2020 - 02:13 PM (IST)

ਕੋਰੋਨਾ ਵਾਇਰਸ :  ਅਰੁਣਾਚਲ ਪ੍ਰਦੇਸ਼ ਨੇ ਵਿਦੇਸ਼ੀਆਂ ਦੀ ਐਂਟਰੀ ''ਤੇ ਲਾਈ ਰੋਕ

ਈਟਾਨਗਰ (ਭਾਸ਼ਾ)— ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਪ੍ਰੋਟੈਕਟੇਡ ਏਰੀਆ ਪਰਮਿਟ (ਪੀ. ਏ. ਪੀ.) ਨੂੰ ਅਸਥਾਈ ਤੌਰ 'ਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਵਿਦੇਸ਼ੀਆਂ ਨੂੰ ਸੂਬੇ 'ਚ ਐਂਟਰੀ ਕਰਨ ਲਈ ਪੀ. ਏ. ਪੀ. ਦੀ ਲੋੜ ਹੁੰਦੀ ਹੈ। ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਚੀਨ ਨਾਲ ਲੱਗਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਪੀ. ਏ. ਪੀ. ਜਾਰੀ ਕਰਨ ਵਾਲੇ ਸਾਰੇ ਅਧਿਕਾਰੀਆਂ ਨੂੰ ਅਗਲੇ ਆਦੇਸ਼ ਤਕ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਮੁਲਤਵੀ ਕਰਨ ਦਾ ਨਿਰਦੇਸ਼ ਦਿੱਤਾ ਹੈ। 

ਸਰਕਾਰੀ ਆਦੇਸ਼ 'ਚ ਕਿਹਾ ਹੈ ਕਿ ਅਜਿਹਾ ਪਤਾ ਲੱਗਾ ਹੈ ਕਿ ਭਾਰਤ 'ਚ ਕੋਵਿਡ-19 ਦੇ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਗਿਣਤੀ ਵਧ ਰਹੀ ਹੈ। ਅਜਿਹਾ ਵੀ ਪਤਾ ਲੱਗਾ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਉਨ੍ਹਾਂ ਸੈਲਾਨੀਆਂ ਤੋਂ ਫੈਲਿਆ ਹੈ, ਜੋ ਹਾਲ ਹੀ 'ਚ ਵਿਦੇਸ਼ ਗਏ ਸਨ ਜਾਂ ਉਨ੍ਹਾਂ ਸੈਲਾਨੀਆਂ ਤੋਂ ਫੈਲਿਆ ਹੈ, ਜੋ ਭਾਰਤ ਆਏ ਸਨ। ਇਸ ਲਈ ਅਰੁਣਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰੋਟੈਕਟੇਡ ਏਰੀਆ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਅਸਥਾਈ ਰੂਪ ਨਾਲ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਿੱਕਮ ਨੇ ਵੀ ਵਿਦੇਸ਼ੀਆਂ 'ਤੇ ਅਜਿਹੀਆਂ ਪਾਬੰਦੀਆਂ ਲਾਈਆਂ ਹਨ। ਹਿਮਾਲਿਆ ਦੇਸ਼ ਭੂਟਾਨ ਨੇ ਵੀ ਦੋ ਹਫਤਿਆਂ ਲਈ ਵਿਦੇਸ਼ੀ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ।


author

Tanu

Content Editor

Related News