ਲਾਕਡਾਊਨ ਦੌਰਾਨ ਪੁਣੇ ਪੁਲਸ ਨੇ ਵੀਡੀਓ ਰਾਹੀਂ ਜਨਤਾ ਨੂੰ ਦਿੱਤਾ ਇਹ ਸੁਨੇਹਾ, ਖੂਬ ਹੋ ਰਹੀ ਸ਼ਲਾਘਾ
Tuesday, Mar 31, 2020 - 01:56 PM (IST)
ਪੁਣੇ-ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ,ਜਿਸ ਦਾ ਮੁਕਾਬਲਾ ਕਰਨ ਲਈ ਸਰਕਾਰ ਕਈ ਉਪਰਾਲੇ ਕਰ ਰਹੀ ਹੈ। ਕੋਰੋਨਾ ਖਿਲਾਫ ਡਾਕਟਰ ਜਿੱਥੇ ਮਰੀਜ਼ਾਂ ਦੀ ਦਿਨ-ਰਾਤ ਦੇਖਭਾਲ ਕਰ ਰਹੇ ਹਨ ਉੱਥੇ ਹੀ ਲਾਕਡਾਊਨ ਦੌਰਾਨ ਲੋਕ ਬਿਨਾਂ ਕਾਰਨ ਘਰੋਂ ਬਾਹਰ ਨਾ ਨਿਕਲਣ ਪੁਲਸ ਇਸ ਗੱਲ ਦਾ ਧਿਆਨ ਰੱਖ ਰਹੀ ਹੈ। ਡਾਕਟਰ ਅਤੇ ਪੁਲਸ ਬਿਨਾਂ ਰੁਕੇ ਆਪਣੇ-ਆਪਣੇ ਫਰਜ਼ ਨਿਭਾ ਰਹੇ ਹਨ। ਕੋਰੋਨਾ ਖਿਲਾਫ ਸਭ ਤੋਂ ਵੱਡੀ ਲੜਾਈ ਹੈ। ਆਪਣੇ ਘਰਾਂ 'ਚ ਕੈਦ ਰਹਿਣਾ ਜਿਸ ਕਾਰਨ ਇਸ ਵਾਇਰਸ ਦੇ ਸਰਕਲ ਨੂੰ ਤੋੜਿਆ ਜਾ ਸਕੇ। ਅਜਿਹੇ 'ਚ ਦੇਸ਼ 'ਚ ਲਾਕਡਾਊਨ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਕਈ ਲੋਕ ਜਿੱਥੇ ਆਪਣੇ ਘਰਾਂ 'ਚ ਹਨ ਉੱਥੇ ਹੀ ਕਈ ਅਜਿਹੇ ਵੀ ਹਨ ਜੋ ਬਿਨਾਂ ਕਾਰਨ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਪੁਲਸ ਅਜਿਹੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਅਪੀਲ ਕਰ ਰਹੀ ਹੈ। ਲੋਕ ਆਪਣੇ ਘਰਾਂ 'ਚ ਰਹਿਣ ਅਤੇ ਕੋਰੋਨਾ ਖਿਲਾਫ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਣੇ ਪੁਲਸ ਦਾ ਇਕ ਕ੍ਰਿਏਟਿਵ ਵੀਡੀਓ ਵੀ ਸਾਹਮਣੇ ਆਈ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Outstanding Work by @PuneCityPolice! They are doing a fantastic job of creating awareness! So Proud of our Police! pic.twitter.com/YavaHsf84n
— Supriya Sule (@supriya_sule) March 30, 2020
ਵਾਇਰਲ ਵੀਡੀਓ 'ਚ ਦੇਖਿਆ ਗਿਆ ਹੈ ਕਿ ਪੁਣੇ ਪੁਲਸ ਗਾਣਾ ਗਾ ਕੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਅਪੀਲ ਕਰ ਰਹੀ ਹੈ ਅਤੇ ਦੱਸ ਰਹੀ ਹੈ ਕਿ ਕਿਵੇ ਖੁਦ ਨੂੰ ਕੋਰੋਨਾ ਤੋਂ ਬਚਾਈਏ। ਪੁਲਸ ਨੇ ਗਾਉਂਦੇ-ਗਾਉਂਦੇ ਲੋਕਾਂ ਨੂੰ ਸਮਝਾਇਆ ਕਿ ਆਪਣੇ ਨੇੜੇ ਸਫਾਈ ਰੱਖੋ, ਚਿਹਰੇ 'ਤੇ ਮਾਸਕ ਲਗਾਓ ਅਤੇ ਗਲਾਵਜ਼ ਪਹਿਨੋ, ਵਾਰ-ਵਾਰ ਆਪਣੇ ਹੱਥਾਂ ਨੂੰ ਧੋਵੋ। ਇਸ ਵੀਡੀਓ ਨੂੰ ਐੱਨ.ਸੀ.ਪੀ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਵੀ ਟਵੀਟ ਕੀਤਾ ਹੈ। ਦੇਸ਼ ਭਰ 'ਚ ਪੁਲਸ ਆਪਣੇ-ਆਪਣੇ ਤਰੀਕਿਆਂ ਨਾਲ ਲੋਕਾਂ ਨੂੰ ਸਮਝਾ ਰਹੀ ਹੈ। ਪੰਜਾਬ, ਦਿੱਲੀ, ਮੁੰਬਈ ਸਮੇਤ ਕਈ ਸੂਬਿਆਂ 'ਚ ਪੁਲਸ ਦਿਨ-ਰਾਤ ਡਿਊਟੀ ਦੇ ਰਹੀ ਹੈ। ਖਾਣੇ ਤੋਂ ਲੈ ਕੇ ਹਸਪਤਾਲ ਲੈ ਜਾਣ ਤੱਕ ਪੁਲਸ ਲੋਕਾਂ ਦੀ ਹਰ ਮਦਦ ਕਰ ਰਹੀ ਹੈ।