ਦਿੱਲੀ 'ਚ ਕੋਰੋਨਾ ਦੀ ਆਫ਼ਤ, ਅਮਿਤ ਸ਼ਾਹ ਨੇ ਕੇਜਰੀਵਾਲ ਤੇ LG ਨਾਲ ਕੀਤੀ ਬੈਠਕ

Sunday, Jun 14, 2020 - 12:32 PM (IST)

ਦਿੱਲੀ 'ਚ ਕੋਰੋਨਾ ਦੀ ਆਫ਼ਤ, ਅਮਿਤ ਸ਼ਾਹ ਨੇ ਕੇਜਰੀਵਾਲ ਤੇ LG ਨਾਲ ਕੀਤੀ ਬੈਠਕ

ਨਵੀਂ ਦਿੱਲੀ- ਕੋਰੋਨਾ ਵਾਇਰਸ ਇਨਫੈਕਸ਼ਨ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਲੋਕਾਂ ਨਾਲ ਹਾਲਾਤ 'ਤੇ ਚਰਚਾ ਕਰਨ ਲਈ ਐਤਵਾਰ ਨੂੰ ਬੈਠਕ ਕੀਤੀ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਬੈਠਕ 'ਚ ਦਿੱਲੀ 'ਚ ਮਹਾਮਾਰੀ ਨਾਲ ਨਜਿੱਠਣ, ਹਸਪਤਾਲਾਂ 'ਚ ਬਿਸਤਿਰਆਂ ਦੀ ਉਪਲੱਬਧਤਾ, ਜਾਂਚ ਦੀ ਸਹੂਲਤ ਅਤੇ ਸਿਹਤ ਸੰਬੰਧੀ ਹੋਰ ਬੁਨਿਆਦੀ ਢਾਂਚੇ 'ਚ ਸੁਧਾਰ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਸ਼ਾਹ, ਬੈਜਲ ਅਤੇ ਕੇਜਰੀਵਾਲ ਤੋਂ ਇਲਾਵਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ, ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੈਂਬਰ ਅਤੇ ਗ੍ਰਹਿ ਤੇ ਸਿਹਤ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਇਸ ਬੈਠਕ 'ਚ ਸ਼ਾਮਲ ਹੋਏ। ਗ੍ਰਹਿ ਮੰਤਰੀ ਨੇ ਦਿੱਲੀ ਦੇ ਤਿੰਨੋਂ ਨਗਰ- ਉੱਤਰ, ਦੱਖਣ ਅਤੇ ਪੂਰਬ ਦੇ ਮੇਅਰਾਂ ਅਤੇ ਨਗਰ ਬਾਡੀ ਦੇ ਕਮਿਸ਼ਨਰਾਂ ਦੇ ਨਾਲ ਸ਼ਾਮ ਨੂੰ ਇਕ ਹੋਰ ਬੈਠਕ ਬੁਲਾਈ ਹੈ। ਇਸ ਬੈਠਕ 'ਚ ਉੱਪ ਰਾਜਪਾਲ, ਮੁੱਖ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਵੀ ਸ਼ਾਮਲ ਹੋਣਗੇ। ਇਹ ਬੈਠਕ ਅਜਿਹੇ ਸਮੇਂ ਕੀਤੀ ਜਾ ਰਹੀ ਹੈ, ਜਦੋਂ ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ।

ਦਿੱਲੀ 'ਚ ਇਨਫੈਕਸ਼ਨ ਦੇ ਮਾਮਲੇ ਵਧ ਕੇ 39,000 ਹੋ ਗਏ ਹਨ, ਜਿਨ੍ਹਾਂ 'ਚੋਂ 1200 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ 'ਚ ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ ਬਾਅਦ ਦਿੱਲੀ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰੀ ਰਾਜਧਾਨੀ 'ਚ ਇਨਫੈਕਸ਼ਨ ਨਾਲ ਨਜਿੱਠਣ, ਹਸਪਤਾਲਾਂ 'ਚ ਮਰੀਜ਼ਾਂ ਲਈ ਬਿਸਤਰ ਉਪਲੱਬਧ ਨਹੀਂ ਹੋਣ ਅਤੇ ਪ੍ਰਯੋਗਸ਼ਾਲਾਵਾਂ 'ਚ ਜਾਂਚ ਕਰਵਾਉਣ 'ਚ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਸਰਕਾਰ ਨੂੰ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੀ ਸਰਕਾਰ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਕਿਹਾ ਸੀ ਦਿੱਲੀ ਦੇ ਹਸਪਤਾਲਾਂ ਦੀ ਸਥਿਤੀ ਬੇਹੱਦ ਭਿਆਨਕ ਹੈ ਅਤੇ ਕੋਵਿਡ-19 ਮਰੀਜ਼ਾਂ ਕੋਲ ਲਾਸ਼ਾਂ ਦਿੱਸ ਰਹੀਆਂ ਹਨ। ਕੋਰਟ ਦੀ ਟਿੱਪਣੀ ਤੋਂ ਬਾਅਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਕਿਹਾ ਕਿ ਉਹ ਪੂਰੇ ਸਨਮਾਨ ਅਤੇ ਈਮਾਨਦਾਰੀ ਨਾਲ ਕੋਰਟ ਦੀਆਂ ਟਿੱਪਣੀਆਂ ਨੂੰ ਸਵੀਕਾਰ ਕਰਦੀ ਹੈ ਅਤੇ ਦਿੱਲੀ ਸਰਕਾਰ ਸਾਰਿਆਂ ਲਈ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਹਰੇਕ ਕੋਵਿਡ-19 ਮਰੀਜ਼ ਲਈ ਹਰ ਸੰਭਵ ਇਲਾਜ ਯਕੀਨੀ ਕਰਨ ਨੂੰ ਵਚਨਬੱਧ ਹੈ। ਬੈਜਲ ਨੇ ਵੀ ਕੋਵਿਡ-19 ਪ੍ਰਬੰਧਨ ਯੋਜਨਾ ਅਤੇ ਰਾਜਧਾਨੀ 'ਚ ਮੈਡੀਕਲ ਢਾਂਚੇ ਹੋਰ ਮਜ਼ਬੂਤ ਬਣਾਉਣ ਲਈ ਸੁਝਾਅ ਦੇਣ ਲਈ 6 ਮੈਂਬਰੀ ਇਕ ਕਮੇਟੀ ਦਾ ਗਠਨ ਕੀਤਾ ਹੈ। ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ ਇਕ ਦਿਨ 'ਚ ਸਭ ਤੋਂ ਵੱਧ 11,929 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵਧ ਕੇ 3,20,922 ਹੋ ਗਈ ਹੈ। ਪੀੜਤ ਲੋਕਾਂ 'ਚੋਂ 311 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 9,195 'ਤੇ ਪਹੁੰਚ ਗਈ ਹੈ।


author

DIsha

Content Editor

Related News