ਕੋਰੋਨਾ ਵਾਇਰਸ : ਰਾਹਤ ਦੀ ਖ਼ਬਰ, ਨੋਇਡਾ ''ਚ 6 ਲੋਕਾਂ ਦੇ ਜਾਂਚ ਦੇ ਨਮੂਨੇ ਨੈਗੇਟਿਵ
Wednesday, Mar 04, 2020 - 10:41 AM (IST)
ਨੋਇਡਾ (ਭਾਸ਼ਾ)— ਨੋਇਡਾ ਵਿਚ ਕੋਰੋਨਾ ਵਾਇਰਸ ਦੇ ਸ਼ੱਕ 'ਚ 3 ਬੱਚਿਆਂ ਸਮੇਤ ਜਿਨ੍ਹਾਂ 6 ਲੋਕਾਂ ਦੇ ਨਮੂਨੇ ਲਏ ਗਏ ਸਨ, ਉਨ੍ਹਾਂ ਦੀ ਜਾਂਚ ਨੈਗੇਟਿਵ ਪਾਈ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਭਾਵ ਅੱਜ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਅਜੇ 6 ਲੋਕਾਂ ਨੂੰ ਅਗਲੇ 14 ਦਿਨਾਂ ਲਈ ਆਪਣੇ-ਆਪਣੇ ਘਰ 'ਚ ਵੱਖ-ਵੱਖ ਰਹਿਣ ਨੂੰ ਕਿਹਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਉਨ੍ਹਾਂ 'ਚ ਕੋਰੋਨਾ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਦੇ ਨਮੂਨਿਆਂ ਦੀ ਫਿਰ ਤੋਂ ਜਾਂਚ ਕੀਤੀ ਜਾਵੇਗੀ। ਨੋਇਡਾ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮੰਗਲਵਾਰ ਨੂੰ ਜਿਨ੍ਹਾਂ ਲੋਕਾਂ ਦੇ ਨਮੂਨੇ ਲਏ ਸਨ, ਉਨ੍ਹਾਂ 'ਚ ਪਤੀ-ਪਤਨੀ ਅਤੇ 12 ਸਾਲ ਦਾ ਉਨ੍ਹਾਂ ਦਾ ਬੇਟਾ, ਇਕ ਔਰਤ ਅਤੇ ਉਸ ਦੇ ਦੋ ਬੱਚੇ ਸ਼ਾਮਲ ਸਨ।
ਇਹ 6 ਲੋਕ ਦਿੱਲੀ ਦੇ ਇਕ ਵਿਅਕਤੀ ਵਲੋਂ ਦਿੱਤੀ ਗਈ ਪਾਰਟੀ ਦੌਰਾਨ ਉਸ ਦੇ ਸੰਪਰਕ ਵਿਚ ਆ ਗਏ ਸਨ, ਜੋ ਕਿ ਇਟਲੀ ਤੋਂ ਪਰਤਿਆ ਸੀ। ਇਸ ਵਿਅਕਤੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਜ਼ਿਲਾ ਮੈਜਿਸਟ੍ਰੇਟ ਬੀ. ਐੱਨ. ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਕੋਰੋਨਾ ਵਾਇਰਸ ਮਾਮਲੇ ਵਿਚ ਨੋਇਡਾ ਦੇ 6 ਲੋਕਾਂ ਦੇ ਨਮੂਨੇ ਜਾਂਚ 'ਚ ਨੈਗੇਟਿਵ ਪਾਏ ਗਏ ਪਰ ਉਨ੍ਹਾਂ ਨੂੰ ਅਗਲੇ 14 ਦਿਨਾਂ ਲਈ ਆਪਣੇ ਘਰ 'ਚ ਵੱਖ-ਵੱਖ ਰਹਿਣਾ ਹੋਵੇਗਾ ਅਤੇ ਲੱਛਣ ਨਜ਼ਰ ਆਉਣ 'ਤੇ ਉਨ੍ਹਾਂ ਦੀ ਮੁੜ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਨਾਲ ਹੀ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਖੌਫ : ਨੋਇਡਾ ਦੇ ਇਕ ਸਕੂਲ 'ਚ ਪ੍ਰੀਖਿਆ ਟਲੀ, 2 ਸਕੂਲ ਬੰਦ (ਵੀਡੀਓ)