ਕੋਰੋਨਾ ਵਾਇਰਸ : ਕਸ਼ਮੀਰ ’ਚ ਪਾਬੰਦੀਆਂ ਲਾਗੂ, ਅਧਿਆਪਕਾਂ ਨੂੰ ਘਰਾਂ ’ਚ ਰਹਿਣ ਨੂੰ ਕਿਹਾ
Saturday, Mar 21, 2020 - 02:07 AM (IST)
ਸ਼੍ਰੀਨਗਰ (ਅਰੀਜ/ਭਾਸ਼ਾ) – ਘਾਟੀ ’ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਜ਼ਿਲਿਆਂ ’ਚ ਲਾਈਆਂ ਗਈਆਂ ਪਾਬੰਦੀਆਂ ਕਾਰਣ ਕਸ਼ਮੀਰ ’ਚ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਇਕ ਤਰ੍ਹਾਂ ਨਾਲ ਬੰਦ ਦੀ ਸਥਿਤੀ ਰਹੀ। ਕਸ਼ਮੀਰ ’ਚ ਇਨਫੈਕਸ਼ਨ ਦੇ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ। ਇਸ ਦਰਮਿਆਨ ਜੰਮੂ-ਕਸ਼ਮੀਰ ’ਚ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਕਾਰਣ ਸਿੱਖਿਅਕ ਸੰਸਥਾਨਾਂ ’ਚ 31 ਮਾਰਚ ਤੱਕ ਅਕਾਦਮਿਕ ਕੰਮ ਰੱਦ ਕੀਤੇ ਜਾਣ ’ਤੇ ਸਾਰੇ ਅਧਿਆਪਕਾਂ ਨੂੰ ਅਗਲੇ ਆਦੇਸ਼ ਤੱਕ ਘਰਾਂ ’ਚ ਰਹਿਣ ਦੇ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤੇ। ਉਥੇ ਹੀ ਪ੍ਰਸ਼ਾਸਨ ਵਲੋਂ ਲਾਈ ਗਈ ਰੋਕ ਕਾਰਣ ਸ਼੍ਰੀਨਗਰ ’ਚ ਕਈ ਮਸਜਿਦਾਂ ਨੇ ਸ਼ੁੱਕਰਵਾਰ ਦੀ ਦੁਪਹਿਰ ਦੀ ਨਮਾਜ਼ ’ਚ ਕਟੌਤੀ ਕੀਤੀ ਹੈ। ਇਸੇ ਤਰ੍ਹਾਂ ਬਨਿਹਾਲ-ਸ਼੍ਰੀਨਗਰ-ਬਾਰਾਮੁੱਲਾ ਮਾਰਗ ’ਤੇ ਟਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਜਿਹੀਆਂ ਖਬਰਾਂ ਸਨ ਕਿ ਟਰੇਨਾਂ ’ਚ ਬਹੁਤ ਜ਼ਿਆਦਾ ਭੀੜ ਹੈ, ਜਿਸ ਨਾਲ ਯਾਤਰੀਆਂ ਦੀ ਜਾਂਚ ਕਰਨਾ ਮੁਸ਼ਕਲ ਹੋ ਗਿਆ ਹੈ। ਕਸ਼ਮੀਰ ’ਚ ਸਿੱਖਿਅਕ ਸੰਸਥਾਨ ਪਹਿਲਾਂ ਹੀ ਬੰਦ ਹਨ, ਜਦੋਂਕਿ ਜਿਮਖਾਨਾ, ਪਾਰਕਾਂ, ਕਲੱਬਾਂ ਅਤੇ ਰੈਸਟੋਰੈਂਟ ਸਮੇਤ ਸਾਰੇ ਜਨਤਕ ਸਥਾਨ ਬੰਦ ਕਰ ਦਿੱਤੇ ਗਏ ਹਨ।
ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਅਸਗਰ ਸਾਮੂਨ ਨੇ ਇਕ ਆਦੇਸ਼ ਜਾਰੀ ਕਰ ਕੇ ਕਿਹਾ ਕਿ ਸਕੂਲਾਂ ’ਚ ਕਿਸੇ ਅਧਿਆਪਕ ਨੂੰ ਆਉਣ ਦੀ ਲੋੜ ਨਹੀਂ ਹੈ। ਹਾਲਾਂਕਿ ਹੈੱਡਮਾਸਟਰ, ਜ਼ੋਨਲ ਸਿੱਖਿਆ ਅਧਿਕਾਰੀ, ਮੁੱਖ ਸਿੱਖਿਆ ਅਧਿਕਾਰੀ ਅਤੇ ਕੇਂਦਰੀ ਯੋਜਨਾਵਾਂ ’ਚ ਸ਼ਾਮਲ ਇੰਜੀਨੀਅਰਾਂ ਨੂੰ ਕੰਮ ’ਤੇ ਆਉਣ ਪਰ ਸਮਾਜਿਕ ਦੂਰੀ ਬਣਾਏ ਰੱਖਣ ਦੀ ਸਲਾਹ ਦਿੱਤੀ ਗਈ ਹੈ। ਘਾਟੀ ਦੇ ਜ਼ਿਆਦਾਤਰ ਹਿੱਸਿਆਂ ’ਚ ਸ਼ੁੱਕਰਵਾਰ ਨੂੰ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰ ਕਾਰੋਬਾਰਿਕ ਅਦਾਰੇ ਬੰਦ ਰਹੇ ਜਦੋਂਕਿ ਜਨਤਕ ਟਰਾਂਸਪੋਰਟ ਨੂੰ ਵੀ ਬੰਦ ਕਰ ਦਿੱਤਾ ਗਿਆ।