ਰੋਹਤਕ ''ਚ ਕੋਰੋਨਾ ਪੀੜਤ ਔਰਤ ਨੇ ਦਿੱਤਾ ਬੱਚੀ ਨੂੰ ਜਨਮ, ਬੱਚੀ ਦੀ ਰਿਪੋਰਟ ਨੈਗੇਟਿਵ

Thursday, May 14, 2020 - 01:39 PM (IST)

ਰੋਹਤਕ-ਹਰਿਆਣਾ ਦੇ ਰੋਹਤਕ ਪੀ.ਜੀ.ਆਈ. 'ਚ ਇਕ ਕੋਰੋਨਾ ਪਾਜ਼ੇਟਿਵ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ। ਡਾਕਟਰਾਂ ਦੀ ਟੀਮ ਨੇ ਕੋਰੋਨਾ ਪੀੜਤ ਔਰਤ ਦੀ ਸਫਲ ਡਿਲੀਵਰੀ ਕਰਵਾਈ। ਚੰਗੀ ਖਬਰ ਇਹ ਸਾਹਮਣੇ ਆਈ ਹੈ ਕਿ ਬੱਚੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਡਿਲਵਰੀ ਕਰਵਾਉਣ ਵਾਲੀ ਸਾਰੀ ਟੀਮ ਨੂੰ ਕੁਆਰੰਟੀਨ 'ਚ ਭੇਜ ਦਿੱਤਾ ਗਿਆ ਹੈ ਫਿਲਹਾਲ ਬੱਚੀ ਅਤੇ ਮਾਂ ਦੋਵੇਂ ਠੀਕ ਹਨ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ.ਜੀ.ਆਈ. ਦੇ ਵਾਇਸ ਚਾਂਸਲਰ ਡਾਕਟਰ ਓਪੀ ਕਾਲਰਾ ਨੇ ਦੱਸਿਆ ਹੈ ਕਿ ਸਾਨੂੰ ਆਪਣੇ ਡਾਕਟਰਾਂ ਅਤੇ ਕਰਮਚਾਰੀਆਂ 'ਤੇ ਮਾਣ ਹੈ, ਜੋ ਕਿ ਦਿਨ-ਰਾਤ ਹਫਤੇ ਦੇ 7 ਦਿਨ ਮਰੀਜ਼ਾਂ ਦੀ ਸੇਵਾ 'ਚ ਲੱਗੇ ਰਹਿੰਦੇ ਹਨ। ਬਿਨਾਂ ਛੁੱਟੀ ਦੇ ਵੀ ਖੁਸ਼ੀ ਨਾਲ ਆਪਣੀ ਡਿਊਟੀ ਕਰ ਰਹੇ ਹਨ। ਕਾਲਰਾ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ ਇਕ ਗਰਭਵਤੀ ਔਰਤ ਦੀ ਸੁਰੱਖਿਅਤ ਡਿਲਵਰੀ ਕਰਵਾਈ ਗਈ ਹੈ। ਮਾਂ ਸਮੇਤ ਬੱਚੀ ਦੋਵੇਂ ਸੁਰੱਖਿਅਤ ਹਨ ਅਤੇ ਦੋਵਾਂ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ।

ਦੱਸਣਯੋਗ ਹੈ ਕਿ ਬਗਾਦੁਰਗੜ੍ਹ ਦੀ ਔਰਤ 11 ਮਈ ਨੂੰ ਕੋਰੋਨਾ ਨਾਲ ਪੀੜਤ ਮਿਲੀ ਸੀ, ਉਸ ਨੂੰ ਆਈਸੋਲੇਸ਼ਨ ਵਾਰਡ 24 'ਚ ਭਰਤੀ ਕੀਤਾ ਗਿਆ ਸੀ ਅਤੇ 12 ਮਈ ਦੀ ਰਾਤ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਸੀ।ਇਸ ਤੋਂ ਬੱਚੀ ਦੀ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ, ਜੋ ਕਿ ਬੁੱਧਵਾਰ ਨੂੰ ਰਿਪੋਰਟ ਨੈਗੇਟਿਵ ਆਈ ਸੀ।


Iqbalkaur

Content Editor

Related News