ਕੋਰੋਨਾ ਪੀੜਤ ਸ਼ਖਸ ਨੂੰ ਨਹੀਂ ਮਿਲੀ ਐਂਬੂਲੈਂਸ, 3 ਕਿਮੀ. ਪੈਦਲ ਚੱਲ ਕੇ ਪਹੁੰਚਿਆ ਹਸਪਤਾਲ
Friday, May 22, 2020 - 09:40 AM (IST)
ਮੁੰਬਈ-ਮੁੰਬਈ 'ਚ ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਸਿਹਤ ਪ੍ਰਬੰਧਾਂ ਦੇ ਮਾੜੇ ਵਤੀਰੇ ਦੀ ਤਸਵੀਰ ਉਸ ਸਮੇਂ ਸਾਹਮਣੇ ਆਈ, ਜਦੋਂ ਇੱਥੇ ਇਕ ਕੋਰੋਨਾ ਪੀੜਤ ਸ਼ਖਸ ਵੱਲੋਂ ਵਾਰ-ਵਾਰ ਮਦਦ ਮੰਗਣ 'ਤੇ ਐਬੂਲੈਂਸ ਨਹੀਂ ਮਿਲੀ। ਆਖਰਕਾਰ ਪੀੜਤ ਸ਼ਖਸ 3 ਕਿਲੋਮੀਟਰ ਪੈਦਲ ਚੱਲ ਕੇ ਹਸਪਤਾਲ ਪਹੁੰਚਿਆ। ਰਸਤੇ 'ਚ ਦੋਸਤਾਂ ਨੇ ਸੁਰੱਖਿਆ ਘੇਰਾ ਬਣਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਕਿ ਕੋਈ ਅਣਜਾਣ ਸ਼ਖਸ ਉਸ ਦੇ ਨੇੜੇ ਆ ਕੇ ਇਨਫੈਕਟਡ ਨਾ ਹੋਵੇ।
ਦੱਸਣਯੋਗ ਹੈ ਕਿ ਇਹ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ। ਇੱਥੋ ਦੇ ਵਾਡੀਆ ਹਸਪਤਾਲ 'ਚ ਕੰਮ ਕਰਨ ਵਾਲਾ ਇਕ ਵਾਰਡ ਬੁਆਏ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ। ਉਸ ਨੇ ਕਲਿਆਣ ਡੋਂਬਿਵਾਲੀ ਨਗਰ ਨਿਗਮ ਨੂੰ ਐਬੂਲੈਂਸ ਭੇਜਣ ਲਈ ਕਿਹਾ। ਕੋਰੋਨਾ ਇਨਫੈਕਟਡ ਵਾਰਡ ਬੁਆਏ 16 ਘੰਟਿਆਂ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਦਾ ਰਿਹਾ। ਇਸ ਤੋਂ ਬਾਅਦ ਉਹ ਪੈਦਲ ਹੀ ਨਗਰ ਨਿਗਮ ਦੇ ਕੋਵਿਡ ਹਸਪਤਾਲ ਲਈ ਰਵਾਨਾ ਹੋਇਆ, ਜੋ ਉਸ ਦੇ ਘਰ ਤੋਂ 3 ਕਿਲੋਮੀਟਰ ਦੂਰ ਡੋਂਬਿਵਾਲੀ 'ਚ ਹੈ। ਇਸ ਦੌਰਾਨ ਉਸ ਦੇ 4 ਦੋਸਤਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਇਕ ਘੇਰਾ ਬਣਾਇਆ ਤਾਂ ਕਿ ਕੋਈ ਵੀ ਪੀੜਤ ਵਾਰਡ ਬੁਆਏ ਦੇ ਸੰਪਰਕ 'ਚ ਨਾ ਆ ਜਾਵੇ ਅਤੇ ਅੰਤ ਕੋਰੋਨਾ ਪੀੜਤ ਸ਼ਖਸ ਹਸਪਤਾਲ ਪਹੁੰਚਿਆ।