ਆਕਸੀਜਨ ਦੀ ਕਮੀ ਨਾਲ ਗਈ ਕੋਰੋਨਾ ਮਰੀਜ਼ ਦੀ ਜਾਨ, ਪਰਿਵਾਰ ਨੂੰ ਮਿਲੇਗਾ 5 ਲੱਖ ਤੱਕ ਮੁਆਵਜ਼ਾ
Friday, May 28, 2021 - 12:39 AM (IST)

ਨਵੀਂ ਦਿੱਲੀ - ਦਿੱਲੀ ਵਿੱਚ ਆਕਸੀਜਨ ਦੀ ਕਮੀ ਨਾਲ ਜਾਨ ਗੁਆਉਣ ਵਾਲੇ ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਮੁਆਵਜ਼ਾਂ ਮਿਲੇਗਾ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਰਾਜਧਾਨੀ ਵਿੱਚ ਜਿਨ੍ਹਾਂ ਕੋਰੋਨਾ ਮਰੀਜ਼ਾਂ ਨੇ ਆਕਸੀਜਨ ਦੀ ਕਮੀ ਨਾਲ ਜਾਨ ਗੁਆਈ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਇਹ ਮੁਆਵਜ਼ਾ ਉਸ ਐਲਾਨ ਤੋਂ ਵੱਖ ਅਤੇ ਉੱਪਰ ਹੈ, ਜਿਸ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਨਾਲ ਜਾਨ ਦੇਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 50,000 ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਸੀ।
5 ਲੱਖ ਰੁਪਏ ਤੱਕ ਦਾ ਇਹ ਮੁਆਵਜ਼ਾ ਕਿਵੇਂ ਦਿੱਤਾ ਜਾਵੇ ਅਤੇ ਕਿਹੜੇ ਲੋਕਾਂ ਨੂੰ ਦਿੱਤਾ ਜਾਵੇ ਇਸ ਦੇ ਲਈ ਦਿੱਲੀ ਸਰਕਾਰ ਨੇ 6 ਡਾਕਟਰਾਂ ਦੀ ਇੱਕ ਕਮੇਟੀ ਬਣਾਈ ਹੈ। ਇਹ ਕਮੇਟੀ ਪੈਮਾਨੇ ਤੈਅ ਕਰੇਗੀ, ਜਿਸ ਦੇ ਆਧਾਰ 'ਤੇ ਵੱਧ ਤੋਂ ਵੱਧ 5 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਇਹ ਕਮੇਟੀ ਸਾਰੀਆਂ ਸ਼ਿਕਾਇਤਾਂ ਅਤੇ ਰਿਪ੍ਰੈਜੈਂਟੇਸ਼ਨ ਲਵੇਗੀ ਅਤੇ 1 ਹਫਤੇ ਵਿੱਚ ਘੱਟ ਤੋਂ ਘੱਟ 2 ਵਾਰ ਬੈਠਕ ਕਰੇਗੀ। ਕਮੇਟੀ ਇਹ ਵੀ ਦੇਖੇਗੀ ਕਿ ਹਸਪਤਾਲ ਵਿੱਚ ਆਕਸੀਜਨ ਠੀਕ ਢੰਗ ਨਾਲ ਇਸਤੇਮਾਲ ਕੀਤਾ ਜਾ ਰਿਹਾ ਸੀ ਜਾਂ ਨਹੀਂ। ਕਮੇਟੀ ਦੇਖੇਗੀ ਕਿ ਹਸਪਤਾਲ ਨੇ ਦਾਖਲ ਮਰੀਜ਼ਾਂ ਦੇ ਮੱਦੇਨਜ਼ਰ ਆਕਸੀਜਨ ਸਪਲਾਈ ਮੈਂਟੇਨ ਕਰਣ ਲਈ ਕਿਹੜੇ ਕਦਮ ਚੁੱਕੇ।
ਕੇਜਰੀਵਾਲ ਸਰਕਾਰ ਦੀ ਇਸ ਕਮੇਟੀ ਕੋਲ ਅਧਿਕਾਰ ਹੋਵੇਗਾ ਕਿ ਉਹ ਸਬੰਧਿਤ ਹਸਪਤਾਲ ਤੋਂ ਆਕਸੀਜਨ ਸਪਲਾਈ, ਸਟਾਕ ਅਤੇ ਸਟੋਰੇਜ ਨਾਲ ਸਬੰਧਿਤ ਕੋਈ ਵੀ ਦਸਤਾਵੇਜ਼ ਦੀ ਜਾਂਚ ਕਰ ਸਕਦੀ ਹੈ। ਇਹ ਕਮੇਟੀ ਦਿੱਲੀ ਦੇ ਪ੍ਰਿੰਸੀਪਲ ਸੈਕਰੇਟਰੀ (ਹੈਲਥ) ਨੂੰ ਹਫ਼ਤਾਵਾਰ ਆਧਾਰ 'ਤੇ ਆਪਣੀ ਰਿਪੋਰਟ ਭੇਜੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।