ਕੋਰੋਨਾ ਮਹਾਮਾਰੀ ਨੇ ਬਦਲਿਆ ਭਾਰਤੀਆਂ ਦੀ ਨੀਂਦ ਦਾ ਪੈਟਰਨ, 6 ਘੰਟੇ ਤੋਂ ਘੱਟ ਸੌਂ ਰਹੇ ਹਨ ਲੋਕ

08/01/2022 10:45:33 AM

ਨਵੀਂ ਦਿੱਲੀ/ਜਲੰਧਰ (ਨੈਸ਼ਨਲ ਡੈਸਕ)- ਭਾਵੇਂ ਕੋਰੋਨਾ ਮਹਾਮਾਰੀ ਦੀ ਰਫ਼ਤਾਰ ਕਾਬੂ ’ਚ ਆਉਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਇਸ ਮਹਾਮਾਰੀ ਨੇ ਜਾਂਦੇ-ਜਾਂਦੇ ਵੀ ਲੋਕਾਂ ਲਈ ਕਈ ਮੁਸ਼ਕਲਾਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ। ਮਹਾਮਾਰੀ ਤੋਂ ਬਾਅਦ ਬਹੁਤ ਸਾਰੇ ਲੋਕ ਨੀਂਦ ਵਿਕਾਰਾਂ ਦਾ ਸ਼ਿਕਾਰ ਹੋ ਚੁੱਕੇ ਹਨ। ਇਕ ਕਮਿਊਨਿਟੀ ਸੋਸ਼ਲ ਮੀਡੀਆ ਪਲੇਟਫਾਰਮ ਲੋਕਲਸਰਕਲ ਵੱਲੋਂ ਕਰਵਾਈਆਂ ਗਈਆਂ 32,000 ਤੋਂ ਵੱਧ ਪ੍ਰਤਾਕਿਰਿਆਵਾਂ ਦੇ ਇਕ ਰਾਸ਼ਟਰੀ ਸਰਵੇਖਣ ’ਚ, 52 ਫੀਸਦੀ ਭਾਰਤੀਆਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਉਨ੍ਹਾਂ ਦੀ ਨੀਂਦ ਦੇ ਪੈਟਰਨ ’ਚ ਬਦਲਾਅ ਆਇਆ ਹੈ। ਸਰਵੇਖਣ ’ਚ ਸ਼ਾਮਲ 2 ਭਾਰਤੀਆਂ ’ਚੋਂ ਔਸਤਨ 1 ਨੇ ਕਿਹਾ ਕਿ ਉਹ ਹਰ ਰਾਤ 6 ਘੰਟੇ ਤੋਂ ਘੱਟ ਨਿਰਵਿਘਨ ਨੀਂਦ ਲੈ ਰਹੇ ਹਨ, ਜਦੋਂ ਕਿ ਚਾਰ ’ਚੋਂ ਇਕ 4 ਘੰਟੇ ਤੋਂ ਘੱਟ ਸੌਂ ਰਿਹਾ ਹੈ। ਸਰਵੇਖਣ ’ਚ ਸਲੀਪ ਐਪਨੀਆ, ਨੀਂਦ ਦੌਰਾਨ ਜਾਗਣਾ, ਸੌਣ ’ਚ ਮੁਸ਼ਕਲ ਜਾਂ ਹੋਰ ਘੰਟੇ ਦੀ ਲੋੜ ਵਰਗੀਆਂ ਕੁਝ ਸਮੱਸਿਆਵਾਂ ਦੱਸੀਆਂ ਗਈਆਂ ਹਨ।

ਨੀਂਦ ਦੀ ਦਵਾਈ ’ਚ 8 ਫੀਸਦੀ ਦਾ ਵਾਧਾ

ਓਧਰ, ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟਸ (ਏ. ਆਈ. ਓ. ਸੀ. ਡੀ.)-ਏ. ਡਬਲਯੂ. ਏ. ਸੀ. ਐੱਸ. ਵੱਲੋਂ ਜੁਟਾਏ ਗਏ ਅੰਕੜੇ ਦੱਸਦੇ ਹਨ ਕਿ ਨੀਂਦ ਸਬੰਧੀ ਵਿਕਾਰਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੀ ਵਰਤੋਂ ’ਚ ਜੂਨ 2022 ਨੂੰ ਖ਼ਤਮ ਹੋਏ ਸਾਲ ਲਈ 8 ਫੀਸਦੀ ਦਾ ਵਾਧਾ ਹੋਇਆ ਹੈ।

ਦਿਲ ਦੀਆਂ ਬੀਮਾਰੀਆਂ ਨਾਲ ਜੁੜੀ ਹੈ ਨੀਂਦ ਦੀ ਸਮੱਸਿਆ

ਨੀਂਦ ਜਾਂ ਇਸ ਦੀ ਕਮੀ ਨੂੰ ਹੁਣ ਅਧਿਕਾਰਤ ਤੌਰ ’ਤੇ ਦਿਲ ਦੀਆਂ ਬੀਮਾਰੀਆਂ ਨਾਲ ਜੋੜਿਆ ਗਿਆ ਹੈ। ਪਿਛਲੇ ਮਹੀਨੇ, ਅਮਰੀਕਨ ਹਾਰਟ ਐਸੋਸੀਏਸ਼ਨ ਨੇ 7 ਮੌਜੂਦਾ ਕਾਰਕਾਂ ’ਚ ਨੀਂਦ ਦੀ ਮਿਆਦ ਨੂੰ ਜੋੜਿਆ ਹੈ। ਜੋ ਖੁਰਾਕ, ਸਰੀਰਕ ਗਤੀਵਿਧੀ, ਨਿਕੋਟੀਨ ਖਤਰੇ, ਭਾਰ, ਕੋਲੈਸਟ੍ਰੋਲ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਲਈ ਕਿਸੇ ਵਿਅਕਤੀ ਦੇ ਖਤਰੇ ਦਾ ਮੁਲਾਂਕਣ ਕਰਦੇ ਹਨ। ਭਾਰਤ ਸਮੇਤ ਜ਼ਿਆਦਾਤਰ ਦੇਸ਼ਾਂ ’ਚ ਦਿਲ ਦੀ ਬੀਮਾਰੀ ਮੌਤ ਦਾ ਨੰਬਰ ਇਕ ਕਾਰਨ ਹੈ। ਨੀਂਦ ਦੀ ਘਾਟ ਨਾਲ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਹੁੰਦੀਆਂ ਹਨ।

ਡਿਪਰੈਸ਼ਨ ਜਾਂ ਤਣਾਅ ਦਾ ਇਲਾਜ ਕਰਵਾਓ

ਮਨੋਵਿਗਿਆਨੀ ਅਤੇ ਮਾਈਂਡ ਟੈਂਪਲ ਇੰਸਟੀਚਿਊਟ ਦੀ ਸੰਸਥਾਪਕ ਅੰਜਲੀ ਛਾਬੜੀਆ ਇਕ ਮੀਡੀਆ ਰਿਪੋਰਟ ’ਚ ਕਹਿੰਦੀ ਹੈ ਕਿ ਕੋਵਿਡ ਦੌਰਾਨ ਬਹੁਤ ਸਾਰੀਆਂ ਸਰੀਰਕ ਅਤੇ ਜੀਵਨਸ਼ੈਲੀ ’ਚ ਤਬਦੀਲੀਆਂ ਆਈਆਂ ਹਨ ਅਤੇ ਪੁਰਾਣੀ ਰੁਟੀਨ ’ਚ ਵਾਪਸ ਜਾਣ ਲਈ ਲੋੜੀਂਦੇ ਰੀ-ਐਡਜਸਟਮੈਂਟ ਨੀਂਦ ਦੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੀਂਦ ਦੀ ਘਾਟ ਨਾਲ ਦਿਨ ਵੇਲੇ ਨੀਂਦ ਆ ਸਕਦੀ ਹੈ, ਹਾਦਸੇ ਆਦਿ ਹੋ ਸਕਦੇ ਹਨ। ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਵਰਕਸ਼ਾਪਾਂ ਦੇ ਮਾਧਿਅਮ ਰਾਹੀਂ ਘੱਟੋ-ਘੱਟ 50,000 ਕਰਮਚਾਰੀਆਂ ਨੂੰ ਸੰਬੋਧਨ ਕਰਨ ਵਾਲੀ ਛਾਬੜੀਆ ਨੇ ਕਿਹਾ ਕਿ ਨੀਂਦ ਦੀਆਂ ਗੋਲੀਆਂ ਵਰਗੇ ਸ਼ਾਰਟਕੱਟ ਲੈਣ ਦੀ ਬਜਾਏ, ਇਹ ਪਤਾ ਲਗਾਉਣਾ ਬਿਹਤਰ ਹੈ ਕਿ ਨੀਂਦ ’ਤੇ ਕੀ ਅਸਰ ਪੈ ਰਿਹਾ ਹੈ, ਭਾਵੇਂ ਇਹ ਚਿੰਤਾ ਹੈ, ਡਿਪਰੈਸ਼ਨ ਹੈ ਜਾਂ ਤਣਾਅ ਅਤੇ ਇਸ ਦਾ ਇਲਾਜ ਕਰਵਾਓ।

ਨੀਂਦ ਦੀਆਂ ਗੋਲੀਆਂ ਖਾਣ ਤੋਂ ਬਾਅਦ ਨਹੀਂ ਆਉਂਦੇ ਸੁਪਨੇ

ਸਿਹਤ ਮਾਹਿਰ ਡਾਕਟਰ ਸ੍ਰੀਧਰ ਦਾ ਕਹਿਣਾ ਹੈ ਕਿ ਨੀਂਦ ਦੀਆਂ ਗੋਲੀਆਂ ਖਰੀਦਣੀਆਂ ਆਸਾਨ ਹਨ ਪਰ ਇਨ੍ਹਾਂ ਗੋਲੀਆਂ ਨਾਲ ਤੁਹਾਨੂੰ ਜੋ ਨੀਂਦ ਆਉਂਦੀ ਹੈ ਉਹ ਬੇਹੋਸ਼ ਕਰਨ ਵਾਲੀ ਹੁੰਦੀ ਹੈ। ਅਜਿਹੇ ਲੋਕ ਜੋ ਗੋਲੀਆਂ ਖਾਂਦੇ ਹਨ, ਉਨ੍ਹਾਂ ਨੂੰ ਸੁਪਨੇ ਰਹਿਤ ਨੀਂਦ ਆਉਂਦੀ ਹੈ। ਉਨ੍ਹਾਂ ਅਨੁਸਾਰ, ਨੀਂਦ ਦਾ ਰੈਪਿਡ ਆਈ ਮੂਵਮੈਂਟ (ਆਰ. ਈ. ਐੱਮ.) ਪੜਾਅ, ਜਿਸ ’ਚ ਜਿਆਦਾਤਰ ਸੁਪਨੇ ਆਉਂਦੇ ਹਨ, ਇਕ ਅਜਿਹੀ ਅਵਸਥਾ ਹੈ ਜਿੱਥੇ ਸਰੀਰ ’ਚ ਸਿਫਰ ਤਣਾਅ ਹਾਰਮੋਨ ਕਿਰਿਆ ਹੁੰਦੀ ਹੈ। ਨੀਂਦ ਦੀ ਗੜਬੜੀ ਨਾਲ ਭਰਤੀ ਮਰੀਜ਼ਾਂ ਨੂੰ ਪ੍ਰੋਗਰਾਮ ਦੇ ਤਿੰਨ ਤੋਂ ਪੰਜ ਦਿਨਾਂ ਬਾਅਦ ਸੁਪਨੇ ਆਉਣ ਲੱਗਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News