ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ

Tuesday, Jan 11, 2022 - 11:14 AM (IST)

ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ

ਨਵੀਂ ਦਿੱਲੀ– ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਸਾਰੇ ਸੂਬਿਆਂ ਵਿਚ ਹਸਪਤਾਲਾਂ ਅਤੇ ਸਿਹਤ ਸਹੂਲਤਾਂ ’ਤੇ ਦਬਾਅ ਵਧ ਸਕਦਾ ਹੈ। ਇਕ ਰਿਪੋਰਟ ਮੁਤਾਬਕ ਅਜੇ ਤੱਕ ਜਿਨ੍ਹਾਂ ਸੂਬਿਆਂ ਵਿਚ ਇਨਫੈਕਸ਼ਨ ਦੇ ਮਾਮਲੇ ਜ਼ਿਆਦਾ ਪਾਏ ਗਏ ਹਨ ਉਥੇ ਅਜੇ ਹਸਪਤਾਲਾਂ ਵਿਚ ਮਰੀਜ਼ਾਂ ਦੇ ਭਰਤੀ ਹੋਣ ਦੀ ਦਰ ਬਹੁਤ ਘੱਟ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਮਾਮਲੇ ਦਾ ਅੰਕੜਾ ਡੇਢ ਲੱਖ ਟੱਪ ਗਿਆ ਹੈ। ਇਸ ਦੌਰਾਨ ਜ਼ਿਆਦਾ ਇਨਫੈਕਟਿਡ ਖੇਤਰਾਂ ਵਿਚ ਕੋਰੋਨਾ ਦੇ ਮਾਮਲਿਆਂ ਦੀ ਦਰ 1.2 ਤੋਂ 2.0 ਫੀਸਦੀ ਹੀ ਦਰਜ ਕੀਤੀ ਗਈ ਹੈ। ਦੁਨੀਆ ਦੇ ਹੋਰਨਾਂ ਦੇਸ਼ਾਂ ਵਿਚ ਓਮੀਕ੍ਰੋਨ ਦੇ ਅਸਰ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਵਿਚ ਹਸਪਤਾਲਾਂ ਵਿਚ ਮਰੀਜ਼ਾਂ ਦੇ ਭਰਤੀ ਹੋਣ ਦੀ ਦਰ ਲਗਭਗ 3 ਫੀਸਦੀ ਰਹੀ ਸੀ। ਭਾਰਤ ਵਿਚ ਮੈਡੀਕਲ ਸਪੈਸਲਿਸ਼ਟਾਂ ਨੂੰ ਲਗਦਾ ਹੈ ਕਿ ਇਥੇ ਇਹ ਦਰ 1.5 ਤੋਂ 2 ਫੀਸਦੀ ਦਰਮਿਆਨ ਰਹਿ ਸਕਦੀ ਹੈ।

ਇਹ ਵੀ ਪੜ੍ਹੋ– ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੇ ਬਿਨਾਂ ਵਿਆਹ ’ਚ ਬੁਲਾ ਸਕਦੇ ਹੋ ਹਜ਼ਾਰਾਂ ਲੋਕ, ਜਾਣੋ ਕਿਵੇਂ

ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੀ ਖੇਤਰੀ ਨਿਰਦੇਸ਼ਕ ਰੀਤੂ ਗਰਗ ਨੇ ਇਕ ਮੀਡੀਆ ਰਿਪੋਰਟ ਵਿਚ ਕਿਹਾ ਹੈ ਕਿ ਪਿਛਲੇ ਸਾਲ ਇਸ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਦਿੱਲੀ ਵਿਚ ਜਦੋਂ 1500 ਮਾਮਲੇ ਆਏ ਸਨ ਤਾਂ ਉਨ੍ਹਾਂ ਦੇ ਹਸਪਤਾਲ ਵਿਚ 80 ਲੋਕ ਭਰਤੀ ਹੋਏ ਸਨ। ਗਰਗ ਨੇ ਕਿਹਾ ਕਿ ਇਸ ਵਾਰ ਦਿੱਲੀ ਵਿਚ 15000 ਤੋਂ ਜ਼ਿਆਦਾ ਮਾਮਲੇ ਹੋਣ ’ਤੇ ਵੀ ਹਸਪਤਾਲ ਵਿਚ ਸਿਰਫ 12 ਮਰੀਜ਼ ਹਨ।

ਰੋਜ਼ਾਨਾ 10,000 ਲੋਕਾਂ ਨੂੰ ਹਸਪਤਾਲ ਦੀ ਪੈ ਸਕਦੀ ਹੈ ਲੋੜ
ਹਾਲਾਂਕਿ ਹਾਲਾਤ ਇਥੋਂ ਹੁਣ ਥੋੜ੍ਹੇ ਵਿਗੜ ਸਕਦੇ ਹਨ। ਉਜਾਲਾ ਸਿਗਨਸ ਗਰੁੱਪ ਆਫ ਹੋਸਪੀਟਲਸ ਦੇ ਸੰਸਥਾਪਕ ਡਾਇਰੈਕਟਰ ਸ਼ੁਚਿਨ ਬਜਾਜ ਕਹਿੰਦੇ ਹਨ ਕਿ ਭਾਰਤ ਵਿਚ ਹੁਣ ਰੋਜ਼ਾਨਾ 1 ਲੱਖ ਤੋਂ ਜ਼ਿਆਦਾ ਮਾਮਲੇ ਆ ਰਹੇ ਹਨ। ਅਜਿਹੀ ਸ਼ੰਕਾ ਹੈ ਕਿ ਇਨਫੈਕਸ਼ਨ ਦੇ ਮਾਮਲੇ ਵਧ ਕੇ ਰੋਜ਼ਾਨਾ ਘੱਟ ਤੋਂ ਘੱਟ 5 ਲੱਖ ਤੱਕ ਹੋ ਸਕਦੇ ਹਨ।
ਇਸਦਾ ਮਤਲਬ ਹੋਇਆ ਕਿ ਰੋਜ਼ਾਨਾ 10,000 ਲੋਕਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਉਣ ਦੀ ਲੋੜ ਹੋਵੇਗੀ। ਇਹ ਇਕ ਵੱਡੀ ਗਿਣਤੀ ਹੈ ਅਤੇ ਇਸ ਨਾਲ ਨਜਿੱਠਣ ਲਈ ਸਾਡੇ ਕੋਲ ਲੋੜੀਂਦੀਆਂ ਸਹੂਲਤਾਂ ਮੁਹੱਈਆ ਨਹੀਂ ਹਨ।
ਹੈਦਰਾਬਾਦ ਵਿਚ ਯਸ਼ੋਦਾ ਹਸਪਤਾਲ ਗਰੁੱਪ ਦੇ ਡਾਕਟਰ ਗੋਪੀ ਕ੍ਰਿਸ਼ਨਾ ਨੇ ਕਿਹਾ ਕਿ ਜੇਕਰ ਗੁਆਂਢੀ ਜ਼ਿਲਿਆਂ ਤੋਂ ਮਰੀਜ਼ ਆਉਣੇ ਸ਼ੁਰੂ ਹੋ ਜਾਣਗੇ ਤਾਂ ਸ਼ਹਿਰ ਦੇ ਹਸਪਤਾਲਾਂ ਵਿਚ ਦਬਾਅ ਵਧ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਮਹਾਰਾਸ਼ਟਰ ਵਿਚ ਮਾਮਲੇ ਵਧਣਗੇ ਤਾਂ ਨੇੜੇ-ਤੇੜੇ ਦੇ ਜ਼ਿਲਿਆਂ ਦੇ ਲੋਕ ਇਲਾਜ ਲਈ ਹੈਦਰਾਬਾਦ ਆਉਣਗੇ।
ਉਂਝ ਤਾਂ ਹਰੇਕ ਸ਼ਹਿਰ ਇਨਫੈਕਸ਼ਨ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਕੋਸ਼ਿਸ਼ ਕਰ ਰਹੇ ਹਨ ਪਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਸਿਹਤ ਸਹੂਲਤਾਂ ਵਿਚ ਅਸੰਤੁਲਨ ਥੋੜ੍ਹਾ ਜ਼ਿਆਦਾ ਹੋ ਸਕਦਾ ਹੈ।
ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਬੀਮਾਰ ਪੈ ਜਾਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰ ਅਤੇ ਪੱਛਮੀ ਭਾਰਤ ਵਿਚ ਸਿਹਤ ਸਹੂਲਤਾਂ ’ਤੇ ਦਬਾਅ ਅਸੰਤੁਲਿਤ ਅਤੇ ਵੱਖ-ਵੱਖ ਰਹਿ ਸਕਦਾ ਹੈ।

ਇਹ ਵੀ ਪੜ੍ਹੋ– ਬ੍ਰਹਮਦੇਵ ਮੰਡਲ ਨੂੰ 12 ਵਾਰ ਕੋਰੋਨਾ ਵੈਕਸੀਨ ਲਗਵਾਉਣੀ ਪਈ ਮਹਿੰਗੀ, ਫਸਿਆ ਮੁਸੀਬਤ 'ਚ

ਮਹਾਨਗਰਾਂ ਦੇ ਹਸਪਤਾਲਾਂ ਦੀ ਕੀ ਹੈ ਹਾਲਤ
ਮਹਾਨਗਰੀ ਮੁੰਬਈ ਦੇ ਸਿਵਿਕ ਬਾਡੀਜ਼ ਨੇ ਵੀ ਇਸੇ ਪਾਸੇ ਇਸ਼ਾਰਾ ਕੀਤਾ ਹੈ। ਇਸ ਬਾਰੇ ਇਕ ਅਧਿਕਾਰੀ ਨੇ ਕਿਹਾ ਕਿ ਦੂਸਰੀ ਲਹਿਰ ਦੌਰਾਨ ਜਦੋਂ ਮੁੰਬਈ ਵਿਚ 91,108 ਸਰਗਰਮ ਮਾਮਲੇ ਸਨ ਤਾਂ ਉਸ ਸਮੇਂ ਆਕਸੀਜਨ ਦੀ ਸਹੂਲਤ ਵਾਲੇ ਬਿਸਤਰੇ 85 ਫੀਸਦੀ ਤੱਕ ਭਰ ਗਏ ਸਨ ਅਤੇ ਆਈਸੀਯੂ ਬੈੱਡ ਵੀ ਘੱਟ ਪੈਣ ਲੱਗੇ ਸਨ। ਇਸ ਵਾਰ ਹਾਲਤ ਓਨੇ ਖਰਾਬ ਨਹੀਂ ਹਨ। ਫਿਲਹਾਲ ਆਕਸੀਜਨ ਦੀ ਸਹੂਲਤ ਵਾਲੇ ਸਿਰਫ 27 ਫੀਸਦੀ ਬੈੱਡ ਭਰੇ ਹਨ ਅਤੇ ਆਈਸੀਯੂ ਬਿਸਤਰੇ 30 ਫੀਸਦੀ ਤੱਕ ਭਰੇ ਹਨ। ਇਹ ਸਥਿਤਤੋਂ ਹੈ ਜਦੋਂ ਕੋਰੋਨਾ ਦੇ ਸਰਗਰਮ ਮਾਮਲੇ 91,000 ਤੋਂ ਜ਼ਿਆਦਾ ਹੋ ਚੁੱਕੇ ਹਨ। ਅਹਿਮਦਾਬਾਦ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਨੇੜੇ 45 ਹਸਪਤਾਲਾਂ ਵਿਚ ਕੁਲ 2150 ਬਿਸਤਰੇ ਹਨ। ਇਨ੍ਹਾਂ ਵਿਚ 30 ਬੈੱਡ ਇਕਾਂਤਵਾਸ ਲਈ ਰੱਖੇ ਗਏ ਹਨ ਅਤੇ ਬਿਨਾਂ ਵੈਂਟੀਲੇਟਰ ਸਹੂਲਤ ਵਾਲੇ 14 ਆਈਸੀਯੂ ਬੈੱਡ ’ਤੇ ਮਰੀਜ਼ ਹਨ। ਸਿਰਫ ਤਿੰਨ ਮਰੀਜ਼ ਵੈਂਟੀਲੇਟਰ ’ਤੇ ਹਨ। ਅਹਿਮਦਾਬਾਦ ਹਸਪਤਾਲ ਐਂਡ ਨਰਸਿੰਗ ਹੋਮਸ ਐਸੋਸੀਏਸ਼ਨ (ਏ. ਐੱਚ. ਐੱਨ. ਏ.) ਦੇ ਭਾਰਤ ਗਾਢਵੀ ਨੇ ਕਿਹਾ ਕਿ ਇਹ ਸਮਰੱਥਾ ਵਧਾਕੇ ਕੁਲ 6000 ਤੱਕ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ


author

Rakesh

Content Editor

Related News