ਪੱਛਮੀ ਬੰਗਾਲ ’ਚ ਕੋਰੋਨਾ ਦਾ ਪਹਿਲਾ ਮਾਮਲਾ, UK ਤੋਂ ਪਰਤਿਆ ਹੈ ਵਿਦਿਆਰਥੀ

03/18/2020 7:38:51 AM

ਕਲਕੱਤਾ— ਪੱਛਮੀ ਬੰਗਾਲ ’ਚ ਖਤਰਨਾਕ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਇਕ 18 ਸਾਲਾ ਵਿਦਿਆਰਥੀ ਕੋਰੋਨਾ ਦੀ ਜਾਂਚ ’ਚ ਪੋਜ਼ੀਟਿਵ ਪਾਇਆ ਗਿਆ ਹੈ, ਜੋ ਐਤਵਾਰ ਨੂੰ ਬਿ੍ਰਟੇਨ ਤੋਂ ਪਰਤਿਆ ਸੀ।

ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ’ਚ ਕੋਰੋਨਾ ਵਰਗੇ ਲੱਛਣ ਦਿਖਾਈ ਦਿੱਤੇ ਸਨ। ਕੋਰੋਨਾ ਨਾਲ ਪੀੜਤ ਹੋਣ ਦੇ ਸ਼ੱਕ ’ਚ ਵਿਦਿਆਰਥੀ ਨੂੰ ਬੇਲੀਘਾਟਾ ਹਸਪਤਾਲ ’ਚ ਵੱਖਰਾ ਰੱਖਿਆ ਗਿਆ, ਜਿਸ ਮਗਰੋਂ ਜਾਂਚ ’ਚ ਉਸ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ।

ਅਧਿਕਾਰੀ ਮੁਤਾਬਕ ਵਿਦਿਆਰਥੀ ਇਸ ਦੌਰਾਨ ਆਪਣੇ ਰਿਸ਼ਤੇਦਾਰਾਂ ਅਤੇ ਡਰਾਈਵਰ ਦੇ ਸੰਪਰਕ ’ਚ ਆਇਆ ਸੀ, ਜਿਨ੍ਹਾਂ ਨੂੰ ਨਿਗਰਾਨੀ ’ਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ’ਚ ਕੋਰੋਨਾ ਵਾਇਰਸ ਦੇ ਪੀੜਤ ਮਾਮਲਿਆਂ ਦੀ ਗਿਣਤੀ 140 ਹੋ ਗਈ ਹੈ, ਇਨ੍ਹਾਂ ’ਚ 113 ਭਾਰਤੀ ਨਾਗਰਿਕ, 24 ਵਿਦੇਸ਼ੀ ਵੀ ਹਨ। ਇਕ ਫੌਜ ਦੇ ਜਵਾਨ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਭਾਰਤ ’ਚ ਹੁਣ ਤਕ 3 ਮੌਤਾਂ ਹੋ ਚੁੱਕੀਆਂ ਹਨ ਤੇ 14 ਲੋਕਾਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਚੁੱਕੀ ਹੈ।


Related News