‘ਕੋਰੋਨਾ ਮਹਾਮਾਰੀ ਸ਼ੁਰੂ ਹੋਣ ਮਗਰੋਂ 2.15 ਕਰੋੜ ਲੋਕਾਂ ਨੂੰ ਹੋਇਆ ਰੁਜ਼ਗਾਰ ਦਾ ਨੁਕਸਾਨ’

03/14/2022 3:39:01 PM

ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਸੈਰ-ਸਪਾਟਾ ਮੰਤਰੀ ਜੀ. ਕਿਸ਼ਨ ਰੈੱਡੀ ਨੇ ਸੋਮਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਸਾਲ 2020 ਦੇ ਸ਼ੁਰੂ ’ਚ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਮਗਰੋਂ ਇਸ ਦੀਆਂ 3 ਲਹਿਰਾਂ ਕਾਰਨ ਸੈਰ-ਸਪਾਟਾ ਉਦਯੋਗ ਨਾਲ ਜੁੜੇ 2.15 ਕਰੋੜ ਲੋਕਾਂ ਦਾ ਨੁਕਸਾਨ ਹੋਇਆ ਹੈ। ਰੈੱਡੀ ਨੇ ਦੱਸਿਆ ਕਿ ਕੋਵਿਡ-19 ਸੰਕਟ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਲਹਿਰ ’ਚ ਦੇਸ਼ ’ਚ ਸੈਰ-ਸਪਾਟਾ ’ਚ 93 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਦੂਜੀ ਲਹਿਰ ’ਚ 79 ਫ਼ੀਸਦੀ ਅਤੇ ਤੀਜੀ ਲਹਿਰ ’ਚ 64 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ। ਸੈਰ-ਸਪਾਟਾ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਸ ਬਾਬਤ ਇਕ ਅਧਿਐਨ ਕਰਵਾਇਆ ਹੈ। ਇਸ ਮੁਤਾਬਕ ਪਹਿਲੀ ਲਹਿਰ ’ਚ 1.45 ਕਰੋੜ ਲੋਕਾਂ ਨੂੰ ਰੁਜ਼ਗਾਰ ਦਾ ਨੁਕਸਾਨ ਝੱਲਣਾ ਪਿਆ, ਜਦਕਿ ਦੂਜੀ ਲਹਿਰ ’ਚ 52 ਲੱਖ ਲੋਕਾਂ ਨੂੰ ਅਤੇ ਤੀਜੀ ਲਹਿਰ ’ਚ 18 ਲੱਖ ਲੋਕਾਂ ਨੂੰ ਰੁਜ਼ਗਾਰ ਦਾ ਨੁਕਸਾਨ ਝੱਲਣਾ ਪਿਆ। 

ਰੈੱਡੀ ਨੇ ਅੱਗੇ ਦੱਸਿਆ ਕਿ ਦੇਸ਼ ’ਚ ਮਹਾਮਾਰੀ ਆਉਣ ਤੋਂ ਪਹਿਲਾਂ 3.8 ਕਰੋੜ ਲੋਕ ਸੈਰ-ਸਪਾਟਾ ਉਦਯੋਗ ਨਾਲ ਜੁੜੇ ਹੋਏ ਸਨ। ਕੋਰੋਨਾ ਮਹਾਮਾਰੀ ਦੀਆਂ 3 ਲਹਿਰਾਂ ਦੌਰਾਨ ਸੈਰ-ਸਪਾਟਾ ਅਧਾਰਿਤ ਅਰਥਵਿਵਸਥਾ ’ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਦਾ ਅਸਰ ਨਾ ਸਿਰਫ ਭਾਰਤ ’ਚ ਸਗੋਂ ਦੁਨੀਆ ਭਰ ’ਚ ਪਿਆਹੈ। ਜੀ. ਕਿਸ਼ਨ ਰੈੱਡੀ ਨੇ ਹਾਲਾਂਕਿ ਕਿਹਾ ਕਿ ਦੇਸ਼ ’ਚ ਕੋਵਿਡ-19 ਰੋਕੂ ਟੀਕਿਆਂ ਦੀ 180 ਕਰੋੜ ਖੁਰਾਕਾਂ ਦਿੱਤੇ ਜਾਣ ਤੋਂ ਸਰਕਾਰ ਨੂੰ ਉਮੀਦ ਹੈ ਕਿ ਸੈਰ-ਸਪਾਟਾ ਖੇਤਰ ਦੀ ਸਥਿਤੀ ਬਿਹਤਰ ਹੋਵੇਗੀ। ਮੋਦੀ ਸਰਕਾਰ ਇਸ ਖੇਤਰ ’ਚ ਮਦਦ ਦੇਣ ਲਈ ਯਾਤਰਾ ਅਤੇ ਸੈਰ-ਸਪਾਟਾ ਖੇਤਰ ਦੇ ਪੱਖਕਾਰਾਂ ਨੂੰ 10 ਲੱਖ ਰੁਪਏ ਤੱਕ ਅਤੇ ਸੈਰ-ਸਪਾਟਾ ਗਾਈਡਾਂ ਨੂੰ 1 ਲੱਖ ਰੁਪਏ ਤਕ ਵਿਆਜ਼ ਮੁਕਤ ਕਰਜ਼ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੀਆਂ ਸੂਬਾਈ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਿਸ ਤਰ੍ਹਾਂ ਹੋ ਸਕੇ, ਸੈਰ-ਸਪਾਟਾ ਖੇਤਰ ਦੀ ਮਦਦ ਕਰਨ।


Tanu

Content Editor

Related News