ਕੋਰੋਨਾ ਦਾ ਨੀਮ ਫੌਜੀ ਬਲਾਂ ਅਤੇ ਫੌਜ ‘ਤੇ ਹਮਲਾ, ਹੁਣ ਤੱਕ 149 ਜਵਾਨ ਬਣੇ ਨਿਸ਼ਾਨਾ

Tuesday, May 05, 2020 - 10:06 PM (IST)

ਕੋਰੋਨਾ ਦਾ ਨੀਮ ਫੌਜੀ ਬਲਾਂ ਅਤੇ ਫੌਜ ‘ਤੇ ਹਮਲਾ, ਹੁਣ ਤੱਕ 149 ਜਵਾਨ ਬਣੇ ਨਿਸ਼ਾਨਾ

ਨਵੀਂ ਦਿੱਲੀ (ਪ. ਸ.)  :  ਕੋਰੋਨਾ ਯੋਧਾਵਾਂ ਦੇ ਰੂਪ ‘ਚ ਡਟੇ ਨੀਮ ਫੌਜੀ ਬਲਾਂ ਅਤੇ ਫੌਜ ਦੇ ਜਵਾਨਾਂ ਨੂੰ ਕੋਰੋਨਾ ਵਾਇਰਸ ਨੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਨੀਮ ਫੌਜੀ ਬਲਾਂ ਦਾ ਕੋਈ ਵੀ ਬਲ ਸ਼ਾਇਦ ਇਸ ਦੇ ਸੰਕਰਮਣ ਤੋਂ ਨਹੀਂ ਬਚਿਆ ਹੈ। ਸਭ ਤੋਂ ਜ਼ਿਆਦਾ ਮਾਮਲੇ ਸਰਹੱਦ ਸੁਰੱਖਿਆ ਬਲ (ਬੀ.ਐਸ.ਐਫ.) ‘ਚ ਸਾਹਮਣੇ ਆਏ ਹਨ। ਫੋਰਸ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 67 ਹੋ ਗਏ ਹਨ। ਇਸ ਤੋਂ ਇਲਾਵਾ ਦਿੱਲੀ ‘ਚ ਤਾਇਨਾਤ ਆਈ.ਟੀ.ਬੀ.ਪੀ., ਐਸ.ਐਸ.ਬੀ. ਅਤੇ ਫੌਜ ਦੇ 82 ਜਵਾਨ ਪੀੜਤ ਹੋ ਗਏ ਹਨ। ਇਸ ਤਰ੍ਹਾਂ ਕੁਲ 149 ਅਧਿਕਾਰੀ ਅਤੇ ਜਵਾਨ ਪੀੜਤ ਹੋ ਚੁੱਕੇ ਹਨ।

ਬੀ.ਐਸ.ਐਫ. ਬੁਲਾਰਾ ਨੇ ਮੰਗਲਵਾਰ ਨੂੰ ਦੱਸਿਆ ਕਿ ਦਿੱਲੀ ‘ਚ ਸਾਹਮਣੇ ਆਏ 41 ਮਾਮਲਿਆਂ ‘ਚੋਂ 32 ਮਾਮਲੇ ਉਨ੍ਹਾਂ ਦੋ ਇਕਾਈਆਂ ‘ਚੋਂ ਹਨ ਜਿਨ੍ਹਾਂ ਨੂੰ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਜਾਮੀਆ ਅਤੇ ਚਾਂਦਨੀ ਮਹਲ ‘ਚ ਤਾਇਨਾਤ ਕੀਤਾ ਗਿਆ ਸੀ। ਤ੍ਰਿਪੁਰਾ ‘ਚ ਫੋਰਸ ਦੇ ਇੱਕ ਕੈਂਪ ‘ਚ 13 ਨਵੇਂ ਮਾਮਲੇ ਰਿਪੋਰਟ ਹੋਏ ਹਨ। ਇਨ੍ਹਾਂ ‘ਚ 10 ਕਰਮਚਾਰੀ ਅਤੇ ਇੱਕ ਜਵਾਨ ਦੇ ਪਰਿਵਾਰ ਦੇ ਤਿੰਨ ਮੈਂਬਰ (ਪਤਨੀ ਅਤੇ ਦੋ ਬੱਚੇ) ਸ਼ਾਮਿਲ ਹਨ। ਖੁਦ ਬੀ.ਐਸ.ਐਫ. ਮੁੱਖ ਦਫਤਰ ਵਾਇਰਸ ਕਾਰਨ ਸੀਲ ਕਰ ਦਿੱਤਾ ਗਿਆ ਹੈ।

ਉੱਧਰ, ਦਿੱਲੀ ‘ਚ ਭਾਰਤ-ਤਿੱਬਤ ਸਰਹੱਦ ਪੁਲਸ ਦੇ 45 ਜਵਾਨਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ‘ਚੋਂ 43 ਜਵਾਨ ਰਾਜਧਾਨੀ ‘ਚ ਅੰਦਰੂਨੀ ਸੁਰੱਖਿਆ ਜਦੋਂ ਕਿ ਦੋ ਜਵਾਨ ਦਿੱਲੀ ਪੁਲਸ ਦੇ ਨਾਲ ਕਾਨੂੰਨ-ਵਿਵਸਥਾ ਦੀ ਡਿਊਟੀ ਲਈ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਤੋਂ ਇਲਾਵਾ ਫੌਜ ਦੇ 24 ਜਵਾਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਸਾਰੇ ਜਵਾਨਾਂ ਨੂੰ ਦਿੱਲੀ ਕੈਂਟ ਦੇ ਫੌਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਥਿਆਰਬੰਦ ਸਰਹੱਦ ਬਲ (ਐਸ.ਐਸ.ਬੀ.) ਦੇ 13 ਕਰਮਚਾਰੀਆਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। 9 ਪੀੜਤ ਕਰਮਚਾਰੀ ਦਿੱਲੀ ਦੇ ਘਿਟੋਰਨੀ ‘ਚ ਤਾਇਨਾਤ 25ਵੀਂ ਬਟਾਲੀਅਨ ਦੇ ਹਨ, ਜਦੋਂ ਕਿ ਹੋਰ 4 ਪੀੜਤ ਵੱਖ-ਵੱਖ ਬਟਾਲੀਅਨਾਂ ਤੋਂ ਹਨ।

ਕਾਨੂੰਨ ਮੰਤਰਾਲਾ ਦਾ ਅਧਿਕਾਰੀ ਪੀੜਤ,  ਸ਼ਾਸਤਰੀ ਭਵਨ ਦੀ ਇੱਕ ਮੰਜਿਲ ਸੀਲ
ਨਵੀਂ ਦਿੱਲੀ  :  ਕਾਨੂੰਨ ਮੰਤਰਾਲਾ ਦੇ ਇੱਕ ਅਧਿਕਾਰੀ ਦੇ ਕੋਰੋਨਾ ਪੀੜਤ ਪਾਏ ਜਾਣ  ਦੇ ਬਾਅਦ ਸ਼ਾਸਤਰੀ ਭਵਨ ਦੀ ਇੱਕ ਮੰਜਿਲ ਅੰਸ਼ਕ ਰੂਪ ਨਾਲ ਸੀਲ ਕਰ ਦਿੱਤੀ ਗਈ ਹੈ। ਇਸ ਸਰਕਾਰੀ ਇਮਾਰਤ ‘ਚ ਕਈ ਮੰਤਰਾਲਿਆਂ ਦੇ ਦਫਤਰ ਹਨ। ਇਹ ਲੁਟੀਅਨ ਜੋਨ ‘ਚ ਸਥਿਤ ਦੂਜੀ ਸਰਕਾਰੀ ਇਮਾਰਤ ਹੈ ਜਿਸ ਦੇ ਇੱਕ ਹਿੱਸੇ ਨੂੰ ਸੀਲ ਕੀਤਾ ਗਿਆ ਹੈ। ਪਿਛਲੇ ਮਹੀਨੇ ਨੀਤੀ ਕਮਿਸ਼ਨ ਦੀ ਇਮਾਰਤ ਨੂੰ ਸੀਲ ਕੀਤਾ ਗਿਆ ਸੀ।


author

Inder Prajapati

Content Editor

Related News