CM ਹਾਊਸ ਤਕ ਪਹੁੰਚਿਆ ਕੋਰੋਨਾ, 2 ਮਹਿਲਾ ਪੁਲਸ ਕਰਮਚਾਰੀ ਪਾਜ਼ੀਟਿਵ
Tuesday, Apr 21, 2020 - 08:49 PM (IST)

ਮੁੰਬਈ — ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੇ ਮੁੰਬਈ ਸਥਿਤ ਸਰਕਾਰੀ ਰਿਹਾਇਸ਼ 'ਤੇ ਤਾਇਨਾਤ 2 ਮਹਿਲਾ ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ। ਇਸ ਤੋਂ ਬਾਅਦ ਅਹਿਤਯਾਨ ਵਿਖੇ ਤਾਇਨਾਤ 6 ਹੋਰ ਪੁਲਸ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਮਾਲਾਬਾਰ ਹਿਲਸ ਸਥਿਤ ਸੀ. ਐੱਮ. ਦੇ ਸਰਕਾਰੀ ਰਿਹਾਇਸ਼ 'ਚ 2 ਦਿਨ ਪਹਿਲਾਂ ਇਕ ਸਹਾਇਕ ਪੁਲਸ ਇੰਸਪੈਕਟਰ ਤੇ ਇਕ ਕਾਂਸਟੇਬਲ ਦੀ ਤਾਇਨਾਤੀ ਕੀਤੀ ਗਈ ਸੀ। ਜਦੋਂ ਪੁਲਸ ਕਰਮਚਾਰੀਆਂ ਦਾ ਕੋਰੋਨਾ ਸੈਂਪਲ ਲਿਆ ਗਿਆ ਤਾਂ ਉਹ ਪਾਜ਼ੀਟਿਵ ਨਿਕਲਿਆ। ਪੁਲਸ ਕਰਮਚਾਰੀਆਂ ਦੀ ਜਾਂਚ ਰਿਪੋਰਟ ਐਤਵਾਰ ਨੂੰ ਆਈ ਹੈ। ਮੁੱਖ ਮੰਤਰੀ ਉਧਵ ਠਾਕਰੇ ਹੁਣ ਬਾਂਦ੍ਰਾ ਸਥਿਤ ਆਪਣੀ ਰਿਹਾਇਸ਼ 'ਚ ਰਹਿੰਦੇ ਹਨ ਤੇ ਅਧਿਕਾਰਤ ਕੰਮ ਦੀ ਵਜ੍ਹਾ ਨਾਲ ਆਉਂਦੇ ਰਹਿੰਦੇ ਹਨ।
ਮੁੰਬਈ 'ਚ 3000 ਤੋਂ ਜ਼ਿਆਦਾ ਕੋਰੋਨਾ ਕੇਸ
ਜ਼ਿਕਰਯੋਗ ਹੈ ਕਿ ਮੁੰਬਈ 'ਚ ਕੋਰੋਨਾ ਪਾਜ਼ੀਟਿਵਾਂ ਦੇ ਕੇਸ ਲਗਾਤਾਰ ਵੱਧ ਰਹੇ ਹਨ। 9 ਅਪ੍ਰੈਲ ਤੋਂ 20 ਅਪ੍ਰੈਲ ਦੇ ਵਿਚ ਇੱਥੇ ਕੋਰੋਨਾ ਸੀਮਿਤ ਖੇਤਰਾਂ ਦੀ ਸੰਖਿਆਂ 'ਚ 113 ਫੀਸਦੀ ਦਾ ਵਾਧਾ ਹੋਇਆ ਤੇ ਇਹ ਅੰਕੜਾ 381 ਵੱਧ ਕੇ 813 ਹੋ ਗਿਆ ਹੈ। ਮੁੰਬਈ 'ਚ ਇਸ ਸਮੇਂ 3090 ਮਾਮਲੇ ਹਨ, ਜਦਕਿ 9 ਅਪ੍ਰੈਲ ਨੂੰ ਇਸਦੀ ਸੰਖਿਆ 775 ਸੀ।