ਕਸ਼ਮੀਰ ’ਚ ਹਿਜਾਬ ਨੂੰ ਲੈ ਕੇ ਵਿਵਾਦ, ਸਕੂਲ ’ਚ ਐਂਟਰੀ ਨਾ ਮਿਲਣ ’ਤੇ ਭੜਕੀਆਂ ਵਿਦਿਆਰਥਣਾਂ
06/09/2023 11:04:40 AM

ਸ਼੍ਰੀਨਗਰ (ਏਜੰਸੀ)- ਜੰਮੂ-ਕਸ਼ਮੀਰ ’ਚ ਹਿਜਾਬ ਨੂੰ ਲੈ ਕੇ ਇਕ ਵਾਰ ਫਿਰ ਹੰਗਾਮਾ ਅਤੇ ਵਿਵਾਦ ਸ਼ੁਰੂ ਹੋ ਗਿਆ ਹੈ। ਤਾਜ਼ਾ ਮਾਮਲਾ ਸ਼੍ਰੀਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪ੍ਰਾਈਵੇਟ ਹਾਇਰ ਸੈਕੰਡਰੀ ਸਕੂਲ ਪ੍ਰਸ਼ਾਸਨ ਨੇ ‘ਅਬਾਯਾ’ (ਇਕ ਤਰ੍ਹਾਂ ਦਾ ਹਿਜਾਬ, ਜੋ ਸਿਰ ਤੋਂ ਲੈ ਕੇ ਢਿੱਡ ਤੱਕ ਦਾ ਹੁੰਦਾ ਹੈ, ਇਸ ’ਚ ਸਿਰਫ਼ ਚਿਹਰਾ ਖੁੱਲ੍ਹਾ ਹੁੰਦਾ ਹੈ) ਪਹਿਨ ਕੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ’ਚ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ। ਇਸ ਤੋਂ ਬਾਅਦ ਉੱਥੇ ਹੰਗਾਮਾ ਸ਼ੁਰੂ ਹੋ ਗਿਆ। ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਇਹ ਸਾਡੇ ਅੱਲ੍ਹਾ ਦਾ ਫਰਮਾਨ ਹੈ। ਅਸੀਂ ਨਹੀਂ ਉਤਾਰਾਂਗੇ। ਸਕੂਲ ਆਉਣ ਵਾਲੀਆਂ ਕਈ ਵਿਦਿਆਰਥਣਾਂ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਵਿਸ਼ਵ ਭਾਰਤੀ ਹਾਇਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ‘ਅਬਾਯਾ’ ਪਹਿਨ ਕੇ ਸਕੂਲ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਵਿਦਿਆਰਥਣਾਂ ਨੂੰ ‘ਉਚਿਤ ਡ੍ਰੈੱਸ ਕੋਡ’ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ ਅਤੇ ਸਿਰਫ ‘ਅਬਾਯਾ’ ਪਹਿਨੇ ਬਿਨਾਂ ਕਲਾਸਾਂ ’ਚ ਜਾਣ ਲਈ ਕਿਹਾ ਗਿਆ ਸੀ।
ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਵੀਰਵਾਰ ਨੂੰ ਜਦੋਂ ਉਹ ਹਮੇਸ਼ਾ ਦੀ ਤਰ੍ਹਾਂ ਸਕੂਲ ਦੇ ਮੇਨ ਗੇਟ ’ਤੇ ਪਹੁੰਚੀਆਂ ਤਾਂ ਉਨ੍ਹਾਂ ਨੂੰ ‘ਅਬਾਯਾ’ ਉਤਾਰਣ ਲਈ ਕਿਹਾ ਗਿਆ। ਵਿਦਿਆਰਥਣਾਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੇ ਹਰ ਧਰਮ ਦੇ ਮੰਨਣ ਵਾਲਿਆਂ ਨੂੰ ਆਜ਼ਾਦੀ ਦਿੱਤੀ ਹੈ ਪਰ ਸਕੂਲ ਪ੍ਰਸ਼ਾਸਨ ਉਨ੍ਹਾਂ ’ਤੇ ਬਿਨਾਂ ‘ਅਬਾਯਾ’ ਸਕੂਲ ਆਉਣ ਦਾ ਦਬਾਅ ਬਣਾ ਰਿਹਾ ਹੈ। ਵਿਰੋਧ ਕਰਨ ਵਾਲੀਆਂ ਵਿਦਿਆਰਥਣਾਂ ਦੇ ਮਾਤਾ-ਪਿਤਾ ਨੇ ਦੋਸ਼ ਲਾਇਆ ਕਿ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਫਿਰ ਤੋਂ ‘ਅਬਾਯਾ’ ਪਹਿਨ ਕੇ ਆਈਆਂ ਤਾਂ ਉਨ੍ਹਾਂ ਨੂੰ ਡਿਸਚਾਰਜ ਸਰਟੀਫਿਕੇਟ ਦੇ ਦਿੱਤਾ ਜਾਵੇਗਾ।