ਰਿਹਾਇਸ਼ੀ ਕੰਪਲੈਕਸ ਸਥਿਤ ਘਰ ''ਚ ਬਕਰਾ ਲਿਆਉਣ ''ਤੇ ਵਿਵਾਦ, ਪੁਲਸ ਨੇ ਸੁਲਝਾਇਆ ਮਾਮਲਾ
Wednesday, Jun 28, 2023 - 12:56 PM (IST)
 
            
            ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਰਿਹਾਇਸ਼ੀ ਕੰਪਲੈਕਸ ਦੇ ਕੁਝ ਲੋਕਾਂ ਨੇ ਬਕਰੀਦ ਤੋਂ ਪਹਿਲਾਂ ਇਕ ਵਿਅਕਤੀ ਵਲੋਂ ਆਪਣੇ ਘਰ 'ਚ ਬਕਰਾ ਲਿਆਏ ਜਾਣ 'ਤੇ ਨਾਰਾਜ਼ਗੀ ਜਤਾਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਰਾ ਰੋਡ ਥਾਣੇ ਦੇ ਇੰਚਾਰਜ (ਐੱਸ.ਐੱਚ.ਓ.) ਨੇ ਦੱਸਿਆ ਕਿ ਮੰਗਲਵਾਰ ਸ਼ਾਮ ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਤੁਰੰਤ ਰਿਹਾਇਸ਼ੀ ਕੰਪਲੈਕਸ ਪਹੁੰਚੀ। ਉਨ੍ਹਾਂ ਨੇ ਸਥਾਨਕ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤ ਕੀਤਾ।
ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ਮੰਚਾਂ 'ਤੇ ਆਇਆ ਹੈ, ਜਿਸ 'ਚ ਕੁਝ ਲੋਕ ਚੀਕਦੇ ਹੋਏ ਉਸ ਵਿਅਕਤੀ ਨੰ ਬਕਰਾ ਆਪਣੇ ਘਰ ਲਿਜਾਉਣ ਤੋਂ ਰੋਕਦੇ ਹੋਏ ਦਿਖਾਈ ਦੇ ਰਹੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਹਰ ਸਾਲ ਪੁਲਸ ਨੂੰ ਬਕਰੀਦ ਤੋਂ ਪਹਿਲਾਂ ਆਪਣੇ ਘਰ 'ਚ ਬਕਰਾ ਲਿਆਉਣ ਦੀ ਜਾਣਕਾਰੀ ਦਿੰਦਾ ਹੈ ਪਰ ਕਿਉਂਕਿ ਉਸ ਕੋਲ ਬਕਰਾ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ। ਅਗਲੇ ਦਿਨ ਉਹ ਬਕਰਾ ਕਿਤੇ ਹੋਰ ਲਿਜਾਂਦਾ ਹੈ, ਉਹ ਆਪਣੇ ਘਰ 'ਚ ਉਸ ਦੀ ਕੁਰਬਾਨੀ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਪੁਲਸ ਦੀ ਮੌਜੂਦਗੀ 'ਚ ਇਸ ਵਿਅਕਤੀ ਨੂੰ ਬਕਰੇ ਨੂੰ ਆਪਣੇ ਘਰੋਂ ਬਾਹਰ ਲਿਜਾਉਣ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ 'ਚ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਨਾ ਹੀ ਕੋਈ ਮਾਮਲਾ ਦਰਜ ਕੀਤਾ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            