ਕ੍ਰਿਕਟਰ ਯੂਸਫ ਪਠਾਨ ਦੀ ਉਮੀਦਵਾਰੀ ਨੂੰ ਲੈ ਕੇ ਤ੍ਰਿਣਮੂਲ ’ਚ ਵਿਵਾਦ, ਕਈ ਨੇਤਾ ਬਗਾਵਤ ਲਈ ਤਿਆਰ
Thursday, Mar 14, 2024 - 11:20 AM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵੱਲੋਂ ਸੂਬੇ ਦੀਆਂ ਲੋਕ ਸਭਾ ਦੀਆਂ ਸਾਰੀਆਂ 42 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨ ਪਿੱਛੋਂ ਪਾਰਟੀ ਅੰਦਰ ਵਿਵਾਦ ਸ਼ੁਰੂ ਹੋ ਗਿਆ ਹੈ। ਟਿਕਟਾਂ ਦੀ ਵੰਡ ਤੋਂ ਨਾਰਾਜ਼ ਪਾਰਟੀ ਦੇ ਕਈ ਆਗੂ ਬਗਾਵਤ ’ਤੇ ਉਤਰ ਆਏ ਹਨ।
ਬੈਰਕਪੁਰ ਦੇ ਸੰਸਦ ਮੈਂਬਰ ਅਰਜੁਨ ਸਿੰਘ ਤੋਂ ਬਾਅਦ ਹੁਣ ਮੁਰਸ਼ਿਦਾਬਾਦ ਜ਼ਿਲੇ ਦੇ ਭਰਤਪੁਰ ਤੋਂ ਤ੍ਰਿਣਮੂਲ ਵਿਧਾਇਕ ਹੁਮਾਯੂੰ ਕਬੀਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੈਂਬਰ ਯੂਸਫ ਪਠਾਨ ਨੂੰ ਬਹਿਰਾਮਪੁਰ ਸੀਟ ਤੋਂ ਪੰਜ ਵਾਰ ਦੇ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵਿਰੁੱਧ ਖੜਾ ਕੀਤੇ ਜਾਣ ਤੋਂ ਬੇਹੱਦ ਨਾਰਾਜ਼ ਹਨ। ਪਠਾਨ ਨੂੰ ਟਿਕਟ ਦੇਣ ਪਿੱਛੋਂ ਬਾਗੀ ਰਵੱਈਆ ਦਿਖਾਉਂਦੇ ਹੋਏ ਉਨ੍ਹਾਂ ਪਾਰਟੀ ਨੂੰ ਧਮਕੀ ਦਿੱਤੀ ਕਿ ਜੇ ਉਮੀਦਵਾਰ ਨਾ ਬਦਲਿਆ ਗਿਆ ਤਾਂ ਮੈਂ ਬਹਿਰਾਮਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ।
ਹੁਮਾਯੂੰ ਕਬੀਰ ਅਨੁਸਾਰ ਕਿਸੇ ਹੋਰ ਸੂਬੇ ਤੋਂ ਉਮੀਦਵਾਰ ਲਿਆ ਕੇ ਅਧੀਰ ਨੂੰ ਨਹੀਂ ਹਰਾਇਆ ਜਾ ਸਕਦਾ। ਕਬੀਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਹ ਕਹਿੰਦੇ ਹਨ ਕਿ ਪਾਰਟੀ ਲੀਡਰਸ਼ਿਪ ਨੇ ਤ੍ਰਿਣਮੂਲ ਦੀ ਜ਼ਿਲਾ ਲੀਡਰਸ਼ਿਪ ਨਾਲ ਸਲਾਹ ਕੀਤੇ ਬਿਨਾਂ ਹੀ ਯੂਸਫ਼ ਪਠਾਨ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।