ਟਰੈਕ ''ਤੇ ਫਸੇ ਕੰਟੇਨਰ ਨਾਲ ਮਾਲ ਗੱਡੀ ਦੀ ਭਿਆਨਕ ਟੱਕਰ, ਉੱਡੇ ਪਰਖੱਚੇ
Tuesday, Mar 18, 2025 - 01:18 PM (IST)

ਅਮੇਠੀ- ਮਾਲ ਗੱਡੀ ਅਤੇ ਕੰਟੇਨਰ 'ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਕੰਟੇਨਰ ਡਰਾਈਵਰ ਅਤੇ ਮਾਲ ਗੱਡੀ ਦਾ ਡਰਾਈਵਰ ਦੋਵੇਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਹ ਹਾਦਸਾ ਲਖਨਊ-ਵਾਰਾਣਸੀ ਰੇਲ ਡਿਵੀਜਨ ਸਥਿਤ ਨਿਹਾਲਗੜ੍ਹ ਰੇਲਵੇ ਸਟੇਸ਼ਨ ਕੋਲ ਮੌਜੂਦ ਰੇਲਵੇ ਫਾਟਕ 'ਤੇ ਵਾਪਰਿਆ। ਟੱਕਰ ਮਗਰੋਂ ਟਰੈਕ 'ਤੇ ਕੰਟੇਨਰ ਦੇ ਪਰਖੱਚੇ ਉੱਡ ਗਏ। ਹਾਦਸੇ ਵਿਚ ਮਾਲ ਗੱਡੀ ਕੰਟੇਨਰ ਨੂੰ ਕਰੀਬ 100 ਮੀਟਰ ਤੱਕ ਘਸੀੜਦੀ ਰਹੀ। ਹਾਦਸੇ ਵਿਚ ਗੱਡੀ ਦੇ ਇੰਜਣ ਸਮੇਤ ਓਵਰਹੈੱਡ ਬਿਜਲੀ ਲਾਈਨ, ਇਲੈਕਟ੍ਰਿਕ ਲਾਈਨ, ਪੋਲ, ਬੈਰੀਕੇਡਿੰਗ ਨੂੰ ਨੁਕਸਾਨ ਪਹੁੰਚਿਆ।
ਉੱਤਰੀ ਰੇਲਵੇ ਡਵੀਜ਼ਨ ਲਖਨਊ ਦੇ ਅਧਿਕਾਰੀ ਅਤੇ ਸੁਰੱਖਿਆ ਟੀਮ ਮੌਕੇ 'ਤੇ ਪਹੁੰਚੀ। ਕਾਫੀ ਮਿਹਨਤ ਤੋਂ ਬਾਅਦ ਆਵਾਜਾਈ ਬਹਾਲ ਹੋਈ। ਅਧਿਕਾਰੀ ਨੇ ਦੱਸਿਆ ਕਿ ਨਿਹਾਲਗੜ੍ਹ ਰੇਲਵੇ ਸਟੇਸ਼ਨ ਨੇੜੇ ਰੇਲਵੇ ਫਾਟਕ 'ਤੇ ਇਕ ਕੰਟੇਨਰ ਰੇਲਵੇ ਟਰੈਕ ਪਾਰ ਕਰ ਰਿਹਾ ਸੀ। ਉਦੋਂ ਲਖਨਊ ਤੋਂ ਆ ਰਹੀ ਮਾਲ ਗੱਡੀ ਕੰਟੇਨਰ ਨਾਲ ਟਕਰਾ ਗਈ। ਇਸ ਹਾਦਸੇ 'ਚ ਕੰਟੇਨਰ ਅਤੇ ਮਾਲ ਗੱਡੀ ਦਾ ਡਰਾਈਵਰ ਕਾਫੀ ਦੂਰ ਤੱਕ ਜਾ ਕੇ ਜ਼ਖਮੀ ਹੋ ਗਏ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਜਗਦੀਸ਼ਪੁਰ ਵਿਖੇ ਦਾਖਲ ਕਰਵਾਇਆ ਗਿਆ।
ਇਸ ਹਾਦਸੇ ਮਗਰੋਂ ਵੇਖਦੇ ਹੀ ਵੇਖਦੇ ਰਾਏਬਰੇਲੀ-ਅਯੁੱਧਿਆ ਹਾਈਵੇਅ ਦੇ ਦੋਵੇਂ ਪਾਸੇ ਜਾਮ ਲੱਗ ਗਿਆ। ਪ੍ਰਸ਼ਾਸਨ ਨੇ ਆਵਾਜਾਈ ਨੂੰ ਡਾਇਵਰਟ ਕੀਤਾ। ਅਯੁੱਧਿਆ ਤੋਂ ਆਉਣ ਵਾਲੇ ਵਾਹਨਾਂ ਨੂੰ ਰਾਣੀਗੰਜ ਤੋਂ ਵਾਰਿਸਗੰਜ ਰਾਹੀਂ ਲਖਨਊ-ਵਾਰਾਣਸੀ ਹਾਈਵੇਅ ਵੱਲ ਭੇਜਿਆ ਗਿਆ। ਰਾਏਬਰੇਲੀ, ਸੁਲਤਾਨਪੁਰ ਅਤੇ ਪ੍ਰਤਾਪਗੜ੍ਹ ਤੋਂ ਅਯੁੱਧਿਆ ਜਾਣ ਵਾਲੇ ਵਾਹਨਾਂ ਨੂੰ ਜਗਦੀਸ਼ਪੁਰ ਚੌਰਾਹੇ ਅਤੇ ਸ਼੍ਰੀ ਰਾਮਗੰਜ ਚੌਰਾਹੇ ਤੋਂ ਬਦਲਵੇਂ ਰਸਤੇ ਰਾਹੀਂ ਮੋੜ ਦਿੱਤਾ ਗਿਆ। ਹੁਣ ਮੌਕੇ 'ਤੇ ਸਥਿਤੀ ਆਮ ਵਾਂਗ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੰਟੇਨਰ ਟਰੈਕ ’ਤੇ ਫਸ ਗਿਆ ਸੀ, ਜਿਸ ਕਾਰਨ ਮਾਲ ਗੱਡੀ ਨਾਲ ਟਕਰਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।