DSP ਦਵਿੰਦਰ ਨਾਲ ਗ੍ਰਿਫਤਾਰ ਹਿਜ਼ਬੁਲ ਦੇ ਅੱਤਵਾਦੀ ਨੇ ਕੀਤੇ ਹੈਰਾਨ ਕਰਦੇ ਖੁਲਾਸੇ

01/30/2020 6:42:49 PM

ਸ਼੍ਰੀਨਗਰ—ਜੰਮੂ-ਕਸ਼ਮੀਰ ਪੁਲਸ ਨੇ ਸਸਪੈਂਡ ਡੀ.ਐੱਸ.ਪੀ ਦਵਿੰਦਰ ਸਿੰਘ ਦੇ ਨਾਲ ਗ੍ਰਿਫਤਾਰ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਵੀਦ ਬਾਬੂ ਨੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਦਵਿੰਦਰ ਸਿੰਘ ਨੂੰ 11 ਜਨਵਰੀ ਨੂੰ 2 ਅੱਤਵਾਦੀਆਂ ਨਾਲ ਕਸ਼ਮੀਰ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਬਾਹਰ ਲੈ ਕੇ ਜਾਣਾ ਚਾਹੁੰਦਾ ਸੀ ਅਤੇ ਇਸ ਲਈ ਉਸ ਨੇ ਲੱਖਾਂ ਦੀ ਡੀਲ ਵੀ ਕੀਤੀ ਸੀ। ਇਸ ਸਮੇਂ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁੱਛਗਿੱਛ ਦੌਰਾਨ ਨਵੀਦ ਬਾਬੂ ਨੇ ਦੱਸਿਆ ਹੈ ਕਿ ਉਹ ਹਾਲ ਹੀ ਭੰਗ ਵਿਧਾਨ ਸਭਾ ਦੇ ਆਜ਼ਾਦ ਵਿਧਾਇਕ ਦੇ ਸੰਪਰਕ 'ਚ ਸੀ। ਅਧਿਕਾਰੀਆਂ ਨੇ ਅੱਜ ਭਾਵ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ। ਨਵੀਦ ਉਰਫ ਬਾਬੂ ਜਿਸਦਾ ਪੂਰਾ ਨਾਂ ਸੈਯਦ ਨਵੀਦ ਮੁਸਤਾਕ ਅਹਿਮਦ ਹੈ, ਮੌਜੂਦਾ ਸਮੇਂ ਐੱਨ.ਆਈ.ਏ ਦੀ ਹਿਰਾਸਤ 'ਚ ਹੈ।

ਅਧਿਕਾਰੀਆਂ ਮੁਤਾਬਕ ਨਵੀਦ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕਸ਼ਮੀਰ 'ਚ ਅੱਤਵਾਦੀਆਂ ਦਾ ਮਜ਼ਬੂਤ ਠਿਕਾਣਾ ਬਣਾਉਣ ਲਈ ਉਹ ਵਿਧਾਇਕ ਦੇ ਲਗਾਤਾਰ ਸੰਪਰਕ 'ਚ ਸੀ ਅਤੇ ਲੁਕਣ ਦੇ ਸੰਭਵ ਇਲਾਕੇ ਦੀ ਭਾਲ ਕਰ ਰਿਹਾ ਸੀ।

ਇਹ ਵੀ ਦੱਸਿਆ ਜਾਂਦਾ ਹੈ ਕਿ ਬਾਅਦ 'ਚ 23 ਜਨਵਰੀ ਨੂੰ ਨਵੀਦ ਦੇ ਭਰਾ ਸੈਯਦ ਇਰਫਾਨ ਅਹਿਮਦ ਨੂੰ ਵੀ ਪੰਜਾਬ ਤੋਂ ਲਿਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨਵੀਦ ਲਗਾਤਾਰ ਆਪਣੇ ਭਰਾ ਦੇ ਸੰਪਰਕ 'ਚ ਸੀ ਅਤੇ ਕਸ਼ਮੀਰ 'ਚ ਕੜਾਕੇ ਦੀ ਠੰਡ ਤੋਂ ਬਚਣ ਲਈ ਚੰਡੀਗੜ੍ਹ 'ਚ ਰਹਿਣ ਦੀ ਵਿਵਸਥਾ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਦਵਿੰਦਰ ਸਿੰਘ ਨੇ ਬਾਬੂ ਨੂੰ ਜੰਮੂ ਲਿਆਉਣ ਅਤੇ 'ਆਰਾਮ ਅਤੇ ਸਿਹਤ ਲਾਭ' ਤੋਂ ਬਾਅਦ ਸ਼ੋਪੀਆ ਵਾਪਸ ਪਰਤਣ 'ਚ ਮਦਦ ਕੀਤੀ ਸੀ। ਅਧਿਕਾਰੀਆਂ ਮੁਤਾਬਕ ਨਵੀਦ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ ਪੁਲਸ ਤੋਂ ਬਚਣ ਲਈ ਪਹਾੜੀ ਇਲਾਕਿਆਂ 'ਚ ਰਹਿੰਦਾ ਸੀ ਅਤੇ ਸਰਦੀ ਤੋਂ ਬਚਣ ਲਈ ਇਲਾਕੇ ਨੂੰ ਛੱਡ ਦਿੰਦਾ ਸੀ।


Iqbalkaur

Content Editor

Related News