ਸਾਜ਼ਿਸ਼ ਤਹਿਤ ਹੋਇਆ ਵਿਆਹ, ਬੀਮੇ ਦੇ ਪੈਸੇ ਹੜੱਪਣ ਲਈ ਪਤਨੀ ਦੀ ਕੀਤੀ ਹੱਤਿਆ

Wednesday, Oct 02, 2024 - 02:54 PM (IST)

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਕ ਵਿਅਕਤੀ ਵਲੋਂ ਬੀਮੇ ਦੇ ਪੈਸੇ ਲਈ ਆਪਣੀ ਪਤਨੀ ਦਾ ਕਥਿਤ ਤੌਰ 'ਤੇ ਵਿਆਹ ਕਰਵਾ ਕੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਡਿਪਟੀ ਕਮਿਸ਼ਨਰ (ਪੂਰਬੀ ਜ਼ੋਨ) ਸ਼ਸ਼ਾਂਕ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਚਿਨਹਟ ਥਾਣਾ ਖੇਤਰ ਦੇ ਕੰਚਨਪੁਰ ਮਟਿਆਰੀ ਦੇ ਰਹਿਣ ਵਾਲੇ ਅਭਿਸ਼ੇਕ ਨੇ ਅਪ੍ਰੈਲ 2022 ’ਚ ਮਟਿਆਰੀ ਖੇਤਰ ਦੇ ਰਾਧਾਪੁਰਮ ਨਿਵਾਸੀ ਪੂਜਾ ਯਾਦਵ (28) ਨਾਲ ਇਕ ਸਾਜ਼ਿਸ਼ ਦੇ ਤਹਿਤ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਅਭਿਸ਼ੇਕ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਉਸ ਦਾ 50 ਲੱਖ ਰੁਪਏ ਦਾ ਬੀਮਾ ਕਰਵਾਇਆ, ਉਸ ਦੇ ਨਾਂ 'ਤੇ 10 ਲੱਖ ਰੁਪਏ ਦਾ ਮੁਦਰਾ ਕਰਜ਼ਾ ਲਿਆ, ਕਿਸ਼ਤਾਂ 'ਤੇ 6 ਵਾਹਨ ਖਰੀਦੇ ਅਤੇ ਬੀਮਾ ਰਾਸ਼ੀ ਦਾ ਗਬਨ ਕਰਨ ਅਤੇ ਵਾਹਨਾਂ ਦੀ ਕਿਸ਼ਤ ਤੋਂ ਬਚਣ ਲਈ , 20 ਮਈ 2023 ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਪੂਜਾ ਨੂੰ ਕਾਰ ਨੇ ਕੁਚਲ ਕੇ ਮਾਰ ਦਿੱਤਾ ਸੀ। ਉਸ ਨੇ ਦੱਸਿਆ ਕਿ ਬੀਮੇ ਦੀ ਰਕਮ 'ਤੇ ਕਲੇਮ ਕੀਤੇ ਜਾਣ ਤੋਂ ਬਾਅਦ ਬੀਮਾ ਕੰਪਨੀ ਨੂੰ ਸ਼ੱਕ ਹੋਇਆ ਅਤੇ ਉਸ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਰਾ ਸੱਚ ਸਾਹਮਣੇ ਆਇਆ।

ਦੱਸ ਦਈਏ ਕਿ ਮੰਗਲਵਾਰ ਨੂੰ ਪੁਲਸ ਨੇ ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਕੁਲਦੀਪ ਸਿੰਘ, ਆਲੋਕ ਨਿਗਮ ਅਤੇ ਦੀਪਕ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਪੂਜਾ ਦੇ ਪਤੀ ਅਤੇ ਮਾਮਲੇ ਦੇ ਮੁੱਖ ਮੁਲਜ਼ਮ ਅਭਿਸ਼ੇਕ, ਉਸ ਦੇ ਪਿਤਾ ਰਾਮ ਮਿਲਨ ਅਤੇ ਅਭਿਸ਼ੇਕ ਸ਼ੁਕਲਾ ਨਾਮ ਦੇ ਇਕ ਹੋਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਸਿੰਘ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਵੱਡੀ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ। ਉਸਨੇ ਦੱਸਿਆ ਕਿ ਯੋਜਨਾ ਦੇ ਤਹਿਤ ਅਪ੍ਰੈਲ 2022 ’ਚ ਅਭਿਸ਼ੇਕ ਦਾ ਵਿਆਹ ਪੂਜਾ ਨਾਲ ਹੋਇਆ ਸੀ। ਇਹ ਉਸਦਾ ਦੂਜਾ ਵਿਆਹ ਸੀ। ਕੁਲਦੀਪ ਨੇ ਪੂਰੇ ਮਾਮਲੇ ’ਚ ਅਹਿਮ ਭੂਮਿਕਾ ਨਿਭਾਈ। ਉਸ ਨੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਵਿਆਹ ਦੇ ਕੁਝ ਮਹੀਨਿਆਂ ਅੰਦਰ ਹੀ ਪੂਜਾ ਦਾ 50 ਲੱਖ ਰੁਪਏ ਦਾ ਬੀਮਾ ਕਰਵਾ ਦਿੱਤਾ।

'ਪ੍ਰਧਾਨਮੰਤਰੀ ਮੁਦਰਾ ਯੋਜਨਾ' ਤਹਿਤ ਉਸ ਦੇ ਨਾਂ 'ਤੇ 10 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਪੂਜਾ ਦੇ ਨਾਂ 'ਤੇ ਚਾਰ ਕਾਰਾਂ ਅਤੇ ਦੋ ਮੋਟਰਸਾਈਕਲ ਕਿਸ਼ਤਾਂ 'ਤੇ ਲਏ ਸਨ। ਬਾਅਦ 'ਚ ਬੀਮੇ ਦੇ ਪੈਸੇ ਹੜੱਪਣ ਅਤੇ ਵਾਹਨ ਦੀਆਂ ਕਿਸ਼ਤਾਂ ਦੇਣ ਤੋਂ ਬਚਣ ਲਈ ਦੋਸ਼ੀ ਨੇ ਪੂਜਾ ਦਾ ਕਤਲ ਕਰਨ ਦੀ ਯੋਜਨਾ ਬਣਾਈ। ਉਸ ਨੇ ਦੱਸਿਆ ਕਿ ਅਭਿਸ਼ੇਕ ਅਤੇ ਉਸ ਦੇ ਪਿਤਾ ਰਾਮ ਮਿਲਨ ਨੇ ਸਾਜ਼ਿਸ਼ ਰਚੀ। ਇਸ ’ਚ ਐਡਵੋਕੇਟ ਆਲੋਕ ਨਿਗਮ, ਕੁਲਦੀਪ ਸਿੰਘ, ਅਭਿਸ਼ੇਕ ਸ਼ੁਕਲਾ ਅਤੇ ਦੀਪਕ ਵਰਮਾ ਵੀ ਸ਼ਾਮਲ ਸਨ। ਘਟਨਾ ਵਾਲੇ ਦਿਨ 20 ਮਈ 2023 ਨੂੰ ਰਾਮ ਮਿਲਨ ਪੂਜਾ ਨੂੰ ਦਵਾਈ ਦੇਣ ਦੇ ਬਹਾਨੇ ਬਾਹਰ ਲੈ ਗਿਆ। ਅਭਿਸ਼ੇਕ ਸ਼ੁਕਲਾ ਨੇ ਆਪਣੀ ਕਾਰ ਨਾਲ ਪੂਜਾ ਨੂੰ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਪੁਲਸ ਨੇ ਇਸ ਮਾਮਲੇ ’ਚ ਦੀਪਕ ਵਰਮਾ ਨੂੰ ਕਾਰ ਚਾਲਕ ਵਜੋਂ ਮੌਕੇ ਤੋਂ ਹੀ ਕਾਬੂ ਕਰ ਲਿਆ ਸੀ।

ਡਿਪਟੀ ਕਮਿਸ਼ਨਰ ਆਫ਼ ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਨਵੰਬਰ 2023 ’ਚ ਪੂਜਾ ਦੇ ਪਤੀ ਅਭਿਸ਼ੇਕ ਨੇ ਆਪਣੀ ਪਤਨੀ ਦੇ ਬੀਮੇ ਦਾ 50 ਲੱਖ ਰੁਪਏ ਦਾ ਬੀਮਾ ਕੰਪਨੀ ਕੋਲ ਦਾਅਵਾ ਪੇਸ਼ ਕੀਤਾ। ਜਾਂਚ ਦੌਰਾਨ ਜਦੋਂ ਬੀਮਾ ਕੰਪਨੀ ਨੂੰ ਸ਼ੱਕ ਹੋਇਆ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਹਿਲਾਂ ਗ੍ਰਿਫਤਾਰ ਕੀਤੇ ਗਏ ਦੀਪਕ ਵਰਮਾ ਨੂੰ ਪੁੱਛਗਿੱਛ ਲਈ ਬੁਲਾਇਆ। ਵਰਮਾ ਦੇ ਫੋਨ ਕਾਲ ਡਿਟੇਲ ਦੀ ਜਾਂਚ ਕਰਨ ਤੋਂ ਬਾਅਦ ਪੂਜਾ ਦੇ ਪਤੀ ਅਭਿਸ਼ੇਕ ਅਤੇ ਸਹੁਰੇ ਰਾਮ ਮਿਲਨ ਨਾਲ ਗੱਲਬਾਤ ਦੇ ਸਬੂਤ ਮਿਲੇ ਹਨ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਘਟਨਾ ਦੀ ਸੱਚਾਈ ਦਾ ਖੁਲਾਸਾ ਕੀਤਾ। 


Sunaina

Content Editor

Related News