44 ਸਾਲ ਬਾਅਦ ਟੁੱਟਿਆ ਵਿਆਹ, ਪਤੀ ਨੇ ਪਤਨੀ ਨੂੰ ਦਿੱਤਾ 3 ਕਰੋੜ ਦਾ ਗੁਜ਼ਾਰਾ ਭੱਤਾ
Wednesday, Dec 18, 2024 - 05:00 PM (IST)
ਕਰਨਾਲ- ਅੱਜ ਦੇ ਸਮੇਂ 'ਚ ਵਿਆਹ ਜਿਹਾ ਪਵਿੱਤਰ ਰਿਸ਼ਤਾ ਲੰਬੇ ਸਮੇਂ ਤੱਕ ਨਹੀਂ ਚੱਲ ਰਿਹਾ ਹੈ। ਲੜਾਈ-ਝਗੜੇ ਅਤੇ ਹੋਰ ਕਈ ਕਾਰਨਾਂ ਕਰ ਕੇ ਤਲਾਕ ਦੇ ਮਾਮਲੇ ਵੱਧ ਰਹੇ ਹਨ। ਅਜਿਹਾ ਹੀ ਮਾਮਲਾ ਹਰਿਆਣਾ ਦੇ ਕਰਨਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਜੋੜੇ ਦਾ ਵਿਆਹ 44 ਸਾਲ ਬਾਅਦ ਟੁੱਟ ਗਿਆ। ਪਤੀ ਨੇ ਆਪਣੀ 70 ਸਾਲਾ ਬਜ਼ੁਰਗ ਪਤਨੀ ਨੂੰ ਤਲਾਕ ਦੇ ਦਿੱਤਾ। ਪਤੀ ਨੇ ਆਪਣੀ ਪਤਨੀ ਨੂੰ 3 ਕਰੋੜ ਰੁਪਏ ਦਾ ਗੁਜ਼ਾਰਾ ਭੱਤਾ ਦਿੱਤਾ। ਦੋਹਾਂ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਿਚੋਲਗੀ ਅਤੇ ਸੁਲਾਹ ਕੇਂਦਰ ਵਿਚ ਸੁਲਝਿਆ।
ਤਲਾਕ ਦੇ ਇਸ ਅਨੋਖੇ ਮਾਮਲੇ ਨੂੰ ਹਰ ਕਿਸੇ ਨੂੰ ਕੀਤਾ ਹੈਰਾਨ
ਤਲਾਕ ਦੇ ਇਸ ਅਨੋਖੇ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕਰਨਾਲ ਦੇ ਰਹਿਣ ਵਾਲੇ ਇਕ ਬਜ਼ੁਰਗ ਜੋੜੇ ਨੇ 44 ਸਾਲ ਬਾਅਦ ਤਲਾਕ ਲੈ ਲਿਆ। ਸ਼ਖ਼ਸ ਦੀ ਉਮਰ 69 ਸਾਲ ਅਤੇ ਔਰਤ ਦੀ ਉਮਰ 70 ਸਾਲ ਹੈ। ਦੋਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਿਚੋਲਗੀ ਅਤੇ ਸੁਲਾਹ ਕੇਂਦਰ ਦੀ ਮਦਦ ਲਈ। ਪਤੀ ਨੇ ਪਤਨੀ ਨੂੰ 3 ਕਰੋੜ ਦਾ ਸਥਾਈ ਗੁਜ਼ਾਰਾ ਭੱਤਾ ਦੇਣ ਦਾ ਸਮਝੌਤਾ ਕੀਤਾ। ਇਸ ਲਈ ਸ਼ਖ਼ਸ ਨੇ ਆਪਣੀ ਜ਼ਮੀਨ ਅਤੇ ਫ਼ਸਲ ਤੱਕ ਵੇਚ ਦਿੱਤੀ।
1980 ਨੂੰ ਹੋਇਆ ਸੀ ਵਿਆਹ
ਦੋਹਾਂ ਦਾ ਵਿਆਹ 27 ਅਗਸਤ 1980 ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਮਗਰੋਂ ਉਨ੍ਹਾਂ ਦੇ ਤਿੰਨ ਬੱਚੇ ਹੋਏ, ਦੋ ਧੀਆਂ ਅਤੇ ਇਕ ਪੁੱਤਰ। 8 ਮਈ 2006 ਤੋਂ ਦੋਵੇਂ ਵੱਖ ਰਹਿਣ ਲੱਗ ਗਏ ਸਨ। ਦੋਹਾਂ ਨੇ ਇਕ-ਦੂਜੇ ਤੋਂ ਵੱਖ ਹੋਣ 'ਤੇ ਸਹਿਮਤੀ ਜਤਾਈ ਸੀ।
3 ਕਰੋੜ 'ਚ ਵਿਆਹ ਖ਼ਤਮ ਕਰਨ 'ਤੇ ਜਤਾਈ ਸਹਿਮਤੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 4 ਨਵੰਬਰ 2024 ਨੂੰ ਇਸ ਮਾਮਲੇ ਨੂੰ ਸੁਲਾਹ ਅਤੇ ਸਮਝੌਤੇ ਲਈ ਵਿਚੋਲਗੀ ਕੇਂਦਰ ਵਿਚ ਭੇਜਿਆ। ਵਿਚੋਲਗੀ ਦੌਰਾਨ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੇ 3 ਕਰੋੜ ਦੇ ਭੁਗਤਾਨ 'ਤੇ ਵਿਆਹ ਖ਼ਤਮ ਕਰਨ 'ਤੇ ਸਹਿਮਤੀ ਜਤਾਈ। ਪਤੀ ਨੇ ਆਪਣੀ ਖੇਤੀ ਯੋਗ ਜ਼ਮੀਨ ਵੇਚ ਕੇ ਪਤਨੀ ਨੂੰ 3 ਕਰੋੜ ਰੁਪਏ ਦਿੱਤੇ।
ਪਤੀ ਦੀ ਮੌਤ ਮਗਰੋਂ ਜਾਇਦਾਦ 'ਤੇ ਦਾਅਵਾ ਨਹੀਂ ਕਰ ਸਕਦੇ
ਕੋਰਟ ਨੇ ਇਹ ਸਪੱਸ਼ਟ ਕੀਤਾ ਹੈ ਕਿ ਮਰਨ ਮਗਰੋਂ ਜਾਇਦਾਦ 'ਤੇ ਦਾਅਵਾ ਨਹੀਂ ਠੋਕਿਆ ਜਾ ਸਕਦਾ। 3 ਕਰੋੜ ਦੀ ਰਾਸ਼ੀ ਸਥਾਈ ਗੁਜ਼ਾਰਾ ਭੱਤਾ ਮੰਨੀ ਜਾਵੇਗੀ। ਇਨ੍ਹਾਂ ਪੈਸਿਆਂ ਤੋਂ ਇਲਾਵਾ ਪਤਨੀ ਅਤੇ ਬੱਚੇ, ਪਤੀ ਜਾਂ ਉਸ ਦੀ ਜਾਇਦਾਦ 'ਤੇ ਕੋਈ ਅਧਿਕਾਰ ਨਹੀਂ ਜਤਾਉਣਗੇ। ਜੇਕਰ ਪਤੀ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਉਹ ਉਸ ਦੀ ਜਾਇਦਾਦ 'ਤੇ ਦਾਅਵਾ ਨਹੀਂ ਕਰ ਸਕਦੇ। ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਜਸਜੀਤ ਸਿੰਘ ਬੇਦੀ ਦੀ ਬੈਂਚ ਨੇ ਸਮਝੌਤੇ ਨੂੰ ਮਨਜ਼ੂਰ ਕਰਦਿਆਂ ਵਿਆਹ ਖ਼ਤਮ ਕਰਨ ਦਾ ਹੁਕਮ ਜਾਰੀ ਕੀਤਾ।