''ਭਾਰਤਮਾਲਾ ਪ੍ਰਾਜੈਕਟ'' ਤਹਿਤ 18,714 ਕਿ.ਮੀ. ਹਾਈਵੇਅ ਦਾ ਹੋਇਆ ਨਿਰਮਾਣ: ਗਡਕਰੀ
Thursday, Dec 19, 2024 - 05:04 PM (IST)
ਨਵੀਂ ਦਿੱਲੀ- 'ਭਾਰਤਮਾਲਾ ਪ੍ਰਾਜੈਕਟ' ਤਹਿਤ 31 ਅਕਤੂਬਰ 2024 ਤੱਕ ਕੁੱਲ 26,425 ਕਿਲੋਮੀਟਰ ਲੰਬੇ ਹਾਈਵੇਅ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 18,714 ਕਿਲੋਮੀਟਰ ਲੰਬੇ ਹਾਈਵੇਅ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। 'ਭਾਰਤਮਾਲਾ ਪ੍ਰਾਜੈਕਟ' ਨੂੰ ਭਾਰਤ ਸਰਕਾਰ ਨੇ 2017 ਵਿਚ ਮਨਜ਼ੂਰੀ ਦਿੱਤੀ ਸੀ, ਜਿਸ ਵਿਚ ਦੇਸ਼ ਵਿਚ ਕੁਨੈਕਟੀਵਿਟੀ ਨੂੰ ਬਿਹਤਰ ਬਣਾਉਣ ਅਤੇ ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਲਈ 34,800 ਕਿਲੋਮੀਟਰ ਦੀ ਲੰਬਾਈ ਵਾਲੇ ਹਾਈਵੇਅ ਦੇ ਨਿਰਮਾਣ ਸ਼ਾਮਲ ਹੈ।
ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿਚ ਲਿਖਤੀ ਜਵਾਬ ਵਿਚ ਕਿਹਾ ਕਿ ਭਾਰਤੀ ਕੌਮੀ ਹਾਈਵੇਅ ਅਥਾਰਟੀ ਨੇ ਇਸ ਸਾਲ 30 ਅਕਤੂਬਰ ਤੱਕ 'ਭਾਰਤਮਾਲਾ ਪ੍ਰਾਜੈਕਟ' ਤਹਿਤ 4.72 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਬੰਦਰਗਾਹ ਅਤੇ ਤੱਟੀ ਸੰਪਰਕ ਸੜਕ ਸ਼੍ਰੇਣੀ ਤਹਿਤ 424 ਕਿਲੋਮੀਟਰ ਲੰਬਾਈ ਵਾਲੇ 18 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਤੱਕ 189 ਕਿਲੋਮੀਟਰ ਦਾ ਨਿਰਮਾਣ ਕੀਤਾ ਗਿਆ ਹੈ।
'ਭਾਰਤਮਾਲਾ ਪ੍ਰਾਜੈਕਟ' ਤਹਿਤ ਵੱਖ-ਵੱਖ ਪ੍ਰਾਜੈਕਟ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਪੱਛਮੀ ਬੰਗਾਲ ਸਮੇਤ ਵੱਖ-ਵੱਖ ਤੱਟੀ ਸੂਬਿਆਂ ਵਿਚ ਪ੍ਰਮੁੱਖ ਅਤੇ ਛੋਟੇ ਬੰਦਰਗਾਹਾਂ ਨੂੰ ਕੁਨੈਕਟੀਵਿਟੀ ਪ੍ਰਦਾਨ ਕਰ ਰਹੀ ਹੈ। ਇਕ ਦੂਜੇ ਸਵਾਲ ਦੇ ਜਵਾਬ ਵਿਚ ਨਿਤਿਨ ਗਡਕਰੀ ਨੇ ਕਿਹਾ ਕਿ ਪੂਰਬੀ-ਉੱਤਰੀ ਖੇਤਰ ਵਿਚ ਕੌਮੀ ਹਾਈਵੇਅ 'ਤੇ 81,540 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਕੁੱਲ 3,856 ਕਿਲੋਮੀਟਰ ਲੰਬਾਈ ਵਾਲੀ 190 ਪ੍ਰਾਜੈਕਟ ਨਿਰਮਾਣ ਅਧੀਨ ਹਨ। ਸਾਰੇ ਨਿਰਮਾਣ ਅਧੀਨ ਕੰਮ ਸਤੰਬਰ 2028 ਤੱਕ ਮੁਕੰਮਲ ਕਰਨ ਦੀ ਯੋਜਨਾ ਹੈ। ਸੂਬੇ 'ਚ ਹਾਈਵੇਅ ਕੰਮਾਂ ਲਈ ਸੂਬੇ ਮੁਤਾਬਕ ਅਤੇ ਸਾਲ ਮੁਤਾਬਕ ਵੰਡ ਕੀਤੀ ਜਾਂਦੀ ਹੈ।