CBI ਡਾਇਰੈਕਟਰ ਦੇ ਨਾਂ ’ਤੇ 79 ਲੱਖ ਰੁਪਏ ਠੱਗਣ ਦੀ ਸਾਜਿਸ਼

Wednesday, Nov 16, 2022 - 03:41 PM (IST)

ਨਵੀਂ ਦਿੱਲੀ- ਸੀ. ਬੀ. ਆਈ. ਦੇ ਡਾਇਰੈਕਟਰ ਸੁਬੋਧ ਜਾਇਸਵਾਲ ਦੇ ਨਾਂ ’ਤੇ ਇਕ ਵਿਅਕਤੀ ਤੋਂ 79 ਲੱਖ ਰੁਪਏ ਠੱਗਣ ਦੀ ਸਾਜਿਸ਼ ਰੱਚਣ ਦੇ ਮਾਮਲੇ ’ਚ ਦੋ ਲੋਕਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਕੋਲਕਾਤਾ ਦੇ ਵਸਨੀਕ ਹਨ। ਅਧਿਕਾਰੀਆਂ ਮੁਤਾਬਕ ਦੋਹਾਂ ਨੇ ਐੱਸ. ਐੱਲ. ਕੁਲਕਰਣੀ ਤੋਂ ਆਪਣੇ ਖੇਤ ’ਚ ਇਕ ਮੋਬਾਇਲ ਟਾਵਰ ਲਾਉਣ ਅਤੇ ਉਸ ਨੂੰ ਕਿਰਾਏ ’ਤੇ ਦੇਣ ਦੇ ਮਾਮਲੇ ਵਿਚ ਇਹ ਰਾਸ਼ੀ ਵਸੂਲਣ ਦੀ ਸਾਜਿਸ਼ ਰਚੀ। 

ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਨੇ ਕੁਲਕਰਣੀ ਨੂੰ ਵੱਖ-ਵੱਖ ਵਸਤੂਆਂ ਤਹਿਤ 79 ਲੱਖ ਰੁਪਏ ਦਾ ਭੁਗਤਾਨ ਕਰਨ ਲਈ ਰਾਜ਼ੀ ਕੀਤਾ, ਜਿਸ ’ਚ ਕੇਂਦਰੀ ਜਾਂਚ ਏਜੰਸੀ ਨੂੰ ਭੁਗਤਾਨ ਕੀਤੇ ਜਾਣ ਵਾਲੇ ‘ਸੀ. ਬੀ. ਆਈ. ਟੈਕਸ’ ਵੀ ਸ਼ਾਮਲ ਸਨ। ਉਨ੍ਹਾਂ ਨੇ ਇਨ੍ਹਾਂ ਟੈਕਸਾਂ ਦੇ ਭੁਗਤਾਨ ਸਬੰਧੀ ਜਾਅਲੀ ਰਸੀਦ ਵੀ ਜਾਰੀ ਕੀਤੀ। 

ਦੋਹਾਂ ਨੂੰ ਇਸ ਸਾਲ ਅਗਸਤ ’ਚ ਅਗਰਤਲਾ ਤੋਂ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ ਅਤੇ ਉਹ ਨਿਆਂਇਕ ਹਿਰਾਸਤ ’ਚ ਤਿਹਾੜ ਜੇਲ੍ਹ ’ਚ ਬੰਦ ਹਨ। ਉਨ੍ਹਾਂ ਨੇ ਦੱਸਿਆ ਕਿ ਸੀ. ਬੀ. ਆਈ. ਨੇ ਪਹਿਲਾਂ ਐੱਫ. ਆਈ. ਆਰ. ਜਨਤਕ ਨਹੀਂ ਕੀਤੀ ਸੀ ਅਤੇ ਹਾਲ ਹੀ ’ਚ ਵਿਸ਼ੇਸ਼ ਅਦਾਲਤ ਦੇ ਸਾਹਮਣੇ ਦੋਸ਼ ਪੱਤਰ ਦਾਇਰ ਕੀਤਾ। ਵਿਸ਼ੇਸ਼ ਅਦਾਲਤ ਨੇ ਦੋਹਾਂ ਖਿਲਾਫ਼ ਲਾਏ ਗਏ ਦੋਸ਼ਾਂ ਨੂੰ ਧਿਆਨ ’ਚ ਲਿਆ ਅਤੇ ਮੁਕੱਦਮੇ ’ਤੇ ਸੁਣਵਾਈ ਦਾ ਹੁਕਮ ਦਿੱਤਾ ਹੈ।


Tanu

Content Editor

Related News