ਕਾਂਗਰਸ 15 ਜਨਵਰੀ ਤੱਕ ਸੀਟਾਂ ਵੰਡਣ ਦੀ ਚਾਹਵਾਨ
Wednesday, Jan 03, 2024 - 12:49 PM (IST)
ਨਵੀਂ ਦਿੱਲੀ- ਕਾਂਗਰਸ ਹਾਈ ਕਮਾਂਡ ਨੇ ‘ਇੰਡੀਆ’ ਗੱਠਜੋੜ ਦੇ ਭਾਈਵਾਲਾਂ ਨੂੰ ਸੰਕੇਤ ਦਿੱਤਾ ਹੈ ਕਿ ਉਹ 15 ਜਨਵਰੀ ਤੱਕ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਕਰਨ ਲਈ ਚਾਹਵਾਨ ਹੈ। ਗਾਂਧੀ ਪਰਿਵਾਰ ਤੋਂ ਵੱਧ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਚਾਹੁੰਦੇ ਹਨ ਕਿ ਸੀਟਾਂ ਦੀ ਵੰਡ ਦੀ ਗੱਲਬਾਤ ਤੇਜ਼ ਕੀਤੀ ਜਾਵੇ ਤਾਂ ਜੋ ‘ਇੰਡੀਆ’ ਗੱਠਜੋੜ ਸਾਂਝੀਆਂ ਰੈਲੀਆਂ ਕਰਨ ਅਤੇ ਹੋਰ ਮੁੱਖ ਮੁੱਦਿਆਂ ਨੂੰ ਸੁਲਝਾਉਣ ਵੱਲ ਅੱਗੇ ਵਧ ਸਕੇ।
ਜੇਕਰ ਰਾਹੁਲ ਗਾਂਧੀ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਕੁਝ ਸੂਬਿਆਂ ਵਿਚ ਗੱਠਜੋੜ ਨੂੰ ਬਰਕਰਾਰ ਰੱਖਣ ਲਈ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇਗੀ। ਕਾਂਗਰਸ ਨੇ ਆਪਣੇ ਸਹਿਯੋਗੀਆਂ ਨੂੰ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਕੁਝ ਗੜ੍ਹਾਂ ਜਿਵੇਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਝਾਰਖੰਡ ਅਤੇ ਕੁਝ ਹੋਰ ਸੂਬਿਆਂ ਵਿਚ ਉਨ੍ਹਾਂ ਨਾਲ ਸੀਟਾਂ ਸਾਂਝੀਆਂ ਕਰਨ ਲਈ ਤਿਆਰ ਹੈ।
2024 ਦੀਆਂ ਚੋਣਾਂ ਵਿਚ ਐੱਨ. ਡੀ. ਏ. ਨੂੰ 450 ਨਹੀਂ ਤਾਂ ਲਗਭਗ 400 ਸੀਟਾਂ ’ਤੇ ਆਹਮੋ-ਸਾਹਮਣੇ ਟੱਕਰ ਦੇਣ ਸਬੰਧੀ ਖੜਗੇ ਅਤੇ ਰਾਹੁਲ ਗਾਂਧੀ ਇਕਮਤ ਹਨ।
ਕਾਂਗਰਸ 4 ਜਨਵਰੀ ਤੋਂ ਬਾਅਦ ਇੰਡੀਆ ਬਲਾਕ ਦੇ ਸਹਿਯੋਗੀਆਂ ਨਾਲ ਸੀਟਾਂ ਦੀ ਵੰਡ ’ਤੇ ਰਸਮੀ ਗੱਲਬਾਤ ਸ਼ੁਰੂ ਕਰੇਗੀ, ਜਦਕਿ ਇਸ ਦੀਆਂ ਸੂਬਾ ਇਕਾਈਆਂ ਜ਼ਮੀਨੀ ਪੱਧਰ ਦੀ ਸਥਿਤੀ ’ਤੇ ਆਪਣੀ ਸਥਿਤੀ ਰਿਪੋਰਟ ਪੇਸ਼ ਕਰਨਗੀਆਂ। ਪੰਜਾਬ ਦੇ ਆਗੂਆਂ ਨੂੰ ਵੀ 4 ਜਨਵਰੀ ਨੂੰ ਬੁਲਾਇਆ ਗਿਆ ਹੈ ਤਾਂ ਜੋ ‘ਆਪ’ ਨਾਲ ਗੱਠਜੋੜ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।
ਕਾਂਗਰਸ ਦੀ ਦਿੱਲੀ ਇਕਾਈ ‘ਆਪ’ ਨਾਲ ਗੱਠਜੋੜ ਲਈ ਤਿਆਰ ਹੈ। ਸੂਬਾਈ ਇਕਾਈਆਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਜ਼ਿਆਦਾ ਸੀਟਾਂ ’ਤੇ ਦਾਅਵਾ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਸੀ। ਮੱਧ ਪ੍ਰਦੇਸ਼ ਇਕਾਈ ਨੂੰ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਉਸ ਨੂੰ ਸਹਿਯੋਗੀ ਪਾਰਟੀਆਂ ਲਈ ਸੀਟਾਂ ਛੱਡਣੀਆਂ ਪੈਣਗੀਆਂ ਅਤੇ ਸੀਟਾਂ ਦੀ ਵੰਡ ਵਿਚ ਹਾਈਕਮਾਂਡ ਦੀ ਇਜਾਜ਼ਤ ਲੈਣੀ ਪਵੇਗੀ। ਜਿੱਥੇ ਮਤਭੇਦ ਹਨ ਉਥੇ ਕੁਝ ਮੁਸ਼ਕਲ ਸਥਿਤੀਆਂ ਹਨ।