ਕਾਂਗਰਸ ਨੇ ਹਰਿਆਣਾ ''ਚ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

10/03/2019 10:21:48 AM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇ ਕਾਫੀ ਸਲਾਹ-ਮਸ਼ਵਰੇ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ 'ਚ ਸੀਨੀਅਰ ਨੇਤਾਵਾਂ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸੁਰਜੇਵਾਲਾ ਅਤੇ ਕੁਲਦੀਪ ਬਿਸ਼ਨੋਈ ਸਮੇਤ 84 ਲੋਕਾਂ ਦੇ ਨਾਂ ਹਨ। ਪਾਰਟੀ ਨੇ ਸਿਰਫ ਇਕ ਮੌਜੂਦਾ ਵਿਧਾਇਕ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਟਿਕਟ ਦਿੱਤੀ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੋਹਰ ਲੱਗਣ ਤੋਂ ਬਾਅਦ ਦੇਰ ਰਾਤ ਜਾਰੀ ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਦਾ ਨਾਂ ਨਹੀਂ ਹੈ, ਹਾਲਾਂਕਿ ਇਨ੍ਹਾਂ ਦੋਹਾਂ ਦੇ ਵੀ ਚੋਣ ਲੜਨ ਦੀਆਂ ਅਟਕਲਾਂ ਚੱਲ ਰਹੀਆਂ ਹਨ। 

Image
ਸੂਤਰਾਂ ਦਾ ਕਹਿਣਾ ਹੈ ਕਿ ਬਾਕੀ 6 ਸੀਟਾਂ ਲਈ ਵੀਰਵਾਰ ਨੂੰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਮੁੱਖ ਨਾਂ ਸਾਬਕਾ ਮੁੱਖ ਮੰਤਰੀ ਹੁੱਡਾ ਦਾ ਹੈ, ਜਿਨ੍ਹਾਂ ਨੂੰ ਗੜ੍ਹੀ ਸਾਂਪਲਾ ਕਿਲੋਈ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਕੈਥਲ ਵਿਧਾਨ ਸਭਾ ਖੇਤਰ ਤੋਂ ਚੋਣ ਲੜਨਗੇ। ਉਹ ਇਸ ਸੀਟ ਤੋਂ ਮੌਜੂਦਾ ਸਮੇਂ ਵਿਚ ਵਿਧਾਇਕ ਵੀ ਹਨ। ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਦੋਹਾਂ ਪੁੱਤਰਾਂ ਕੁਲਦੀਪ ਬਿਸ਼ਨੋਈ ਅਤੇ ਚੰਦਰ ਮੋਹਨ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ। ਬਿਸ਼ਨੋਈ ਹਿਸਾਰ ਦੀ ਆਦਮਪੁਰ ਸੀਟ ਤੋਂ, ਉੱਥੋਂ ਹੀ ਉਨ੍ਹਾਂ ਦੇ ਭਰਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਚੰਦਰ ਮੋਹਨ ਪੰਚਕੁਲਾ ਤੋਂ ਚੋਣ ਲੜਨਗੇ।

Image
ਸੂਬਾ ਸਰਕਾਰ ਦੇ ਸਾਬਕਾ ਮੰਤਰੀ ਆਫਤਾਬ ਅਹਿਮਦ ਨੂੰ ਨੂੰਹ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹਰਿਆਣਾ ਵਿਧਾਨ ਸਭਾ 'ਚ ਕਾਂਗਰਸ ਦੇ 17 ਵਿਧਾਇਕ ਹਨ, ਜਿਨ੍ਹਾਂ 'ਚੋਂ ਪਾਰਟੀ ਨੇ ਸਿਰਫ ਰੇਣੂਕਾ ਬਿਸ਼ਨੋਈ ਨੂੰ ਉਮੀਦਵਾਰ ਨਹੀਂ ਬਣਾਇਆ ਹੈ, ਜੋ ਹਾਂਸੀ ਤੋਂ ਵਿਧਾਇਕ ਹਨ। ਸੂਬੇ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

Image


Tanu

Content Editor

Related News