ਅੰਬੇਡਕਰ ’ਤੇ ਸ਼ਾਹ ਦੇ ਬਿਆਨ ਨੂੰ ਲੈ ਕੇ ਕਾਂਗਰਸ ਦਾ ਕਈ ਸੂਬਿਆਂ ’ਚ ਵਿਰੋਧ ਪ੍ਰਦਰਸ਼ਨ, ਅਸਤੀਫੇ ਦੀ ਮੰਗ

Wednesday, Dec 25, 2024 - 12:04 AM (IST)

ਅੰਬੇਡਕਰ ’ਤੇ ਸ਼ਾਹ ਦੇ ਬਿਆਨ ਨੂੰ ਲੈ ਕੇ ਕਾਂਗਰਸ ਦਾ ਕਈ ਸੂਬਿਆਂ ’ਚ ਵਿਰੋਧ ਪ੍ਰਦਰਸ਼ਨ, ਅਸਤੀਫੇ ਦੀ ਮੰਗ

ਭੁਵਨੇਸ਼ਵਰ/ਹੈਦਰਾਬਾਦ, (ਭਾਸ਼ਾ)- ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਗਏ ਕਥਿਤ ਵਿਵਾਦਤ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਓਡਿਸ਼ਾ, ਆਸਾਮ, ਤੇਲੰਗਾਨਾ, ਝਾਰਖੰਡ ਤੇ ਜੰਮੂ-ਕਸ਼ਮੀਰ ਸਮੇਤ ਕਈ ਸੂਬਿਆਂ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ।

ਕਾਂਗਰਸ ਦੀ ਓਡਿਸ਼ਾ ਇਕਾਈ ਨੇ ਮੰਗਲਵਾਰ ਨੂੰ ਸੂਬੇ ਭਰ ’ਚ ‘ਅੰਬੇਦਕਰ ਸਨਮਾਨ ਮਾਰਚ’ ਕੱਢਿਆ। ਅੰਬੇਡਕਰ ਦੇ ਪੋਸਟਰ ਅਤੇ ਤਸਵੀਰਾਂ ਲੈ ਕੇ ਕਾਂਗਰਸ ਨੇਤਾਵਾਂ ਅਤੇ ਸਮਰਥਕਾਂ ਨੇ ਭੁਵਨੇਸ਼ਵਰ, ਕੋਰਾਪੁਟ, ਢੇਂਕਨਾਲ ਅਤੇ ਮਲਕਾਨਗਿਰੀ ’ਚ ਵਿਰੋਧ ਪ੍ਰਦਰਸ਼ਨ ਕੀਤਾ।

ਉਨ੍ਹਾਂ ਨੇ ਸ਼ਾਹ ’ਤੇ ਪਿਛਲੇ ਹਫਤੇ ਰਾਜ ਸਭਾ ਵਿਚ ਸੰਵਿਧਾਨ ’ਤੇ ਬਹਿਸ ਦੌਰਾਨ ਅੰਬੇਡਕਰ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ। ਕਾਂਗਰਸ ਦੀ ਝਾਰਖੰਡ ਇਕਾਈ ਨੇ ਸ਼ਾਹ ਦੀ ਹਾਲੀਆ ਟਿੱਪਣੀ ਦੇ ਵਿਰੋਧ ਵਿਚ ਸਾਰੇ ਜ਼ਿਲਾ ਹੈੱਡਕੁਆਰਟਰਾਂ ’ਚ ਮਾਰਚ ਕੱਢਿਆ।

‘ਬਾਬਾ ਸਾਹਿਬ ਅੰਬੇਡਕਰ ਸਨਮਾਨ ਮਾਰਚ’ ਰੈਲੀ ਇਥੇ ਕਾਂਗਰਸ ਹੈੱਡਕੁਆਰਟਰ ਤੋਂ ਕੱਢੀ ਗਈ ਅਤੇ ਜ਼ਿਲਾ ਕੁਲੈਕਟ੍ਰੇਟ ’ਤੇ ਸੰਪੰਨ ਹੋਈ। ਬੈਨਰ ਤੇ ਪੋਸਟਰ ਲੈ ਕੇ ਪਾਰਟੀ ਵਰਕਰਾਂ ਨੇ ਸ਼ਾਹ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ।

ਪਾਰਟੀ ਦੀ ਤੇਲੰਗਾਨਾ ਇਕਾਈ ਨੇ ਵੀ ਸ਼ਾਹ ਦੇ ਬਿਆਨ ਦੇ ਵਿਰੋਧ ’ਚ ਹੈਦਰਾਬਾਦ ’ਚ ਮਾਰਚ ਕੱਢਿਆ। ਭਾਜਪਾ ਅਤੇ ਅਮਿਤ ਸ਼ਾਹ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸੀ ਵਰਕਰਾਂ ਨੇ ਹੈਦਰਾਬਾਦ ਦੇ ਜ਼ਿਲਾ ਕੁਲੈਕਟਰ ਦਫ਼ਤਰ ਵੱਲ ਮਾਰਚ ਕੀਤਾ। ਕਾਂਗਰਸ ਨੇ ਕਿਹਾ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਬਣੇ ਰਹਿਣ ਦੇ ਯੋਗ ਨਹੀਂ ਹਨ।

ਕਾਂਗਰਸ ਦੇ ਜਨਰਲ ਸਕੱਤਰ ਜੀ. ਏ. ਮੀਰ ਨੇ ਸ਼੍ਰੀਨਗਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪੂਰਾ ਦੇਸ਼, ਕਾਂਗਰਸ ਪਾਰਟੀ ਅਤੇ ‘ਇੰਡੀਆ’ ਗੱਠਜੋੜ ਇਕੱਠੇ ਮਿਲ ਕੇ ਮੰਗ ਕਰ ਰਹੇ ਹਨ ਕਿ ਅਮਿਤ ਸ਼ਾਹ ਨੂੰ ਦੇਸ਼ ਦੇ ਗ੍ਰਹਿ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਜੋ ਵਿਅਕਤੀ ਗ੍ਰਹਿ ਮੰਤਰੀ ਦੀ ਕੁਰਸੀ ’ਤੇ ਬੈਠਦਾ ਹੈ ਉਸ ਨੇ ਸੰਵਿਧਾਨ ਦੀ ਰੱਖਿਆ ਕਰਨੀ ਹੁੰਦੀ ਹੈ। ਆਸਾਮ ਕਾਂਗਰਸ ਦੇ ਪ੍ਰਧਾਨ ਭੂਪੇਨ ਕੁਮਾਰ ਬੋਰਾ, ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਅਤੇ ਵਿਰੋਧੀ ਧਿਰ ਦੇ ਨੇਤਾ ਦੇਬਬ੍ਰਤ ਸੈਕੀਆ ਦੀ ਅਗਵਾਈ ਵਿਚ ਗੁਹਾਟੀ, ਤੇਜ਼ਪੁਰ ਅਤੇ ਗੋਲਪਾੜਾ ਅਤੇ ਹੋਰ ਥਾਵਾਂ ’ਤੇ ਪਾਰਟੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।


author

Rakesh

Content Editor

Related News