''ਭਾਰਤ ਨੂੰ ਜਲਦ ਮਿਲੇਗਾ ਨਵਾਂ PM !'', ਐਪਸਟੀਨ ਫਾਈਲਜ਼ ਦੇ ਖੁਲਾਸੇ ਮਗਰੋਂ ਕਾਂਗਰਸੀ ਆਗੂ ਦਾ ਵੱਡਾ ਬਿਆਨ
Monday, Dec 15, 2025 - 04:32 PM (IST)
ਨੈਸ਼ਨਲ ਡੈਸਕ- ਕਾਂਗਰਸ ਦੇ ਸੀਨੀਅਰ ਨੇਤਾ ਪ੍ਰਿਥਵੀਰਾਜ ਚਵਾਨ ਨੇ 19 ਦਸੰਬਰ ਨੂੰ ਅਮਰੀਕਾ ਵਿਚ ਜਾਰੀ ਹੋਣ ਵਾਲੇ ਵਿਵਾਦਿਤ ਜੈਫਰੀ ਐਪਸਟੀਨ ਫਾਈਲ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਭਾਰਤ ਨੂੰ ਜਲਦ ਹੀ ਇਕ ਨਵਾਂ ਪ੍ਰਧਾਨ ਮੰਤਰੀ ਮਿਲ ਸਕਦਾ ਹੈ। ਚਵਾਨ ਨੇ ਇਹ ਵੀ ਕਿਹਾ ਕਿ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਮਹਾਰਾਸ਼ਟਰ ਤੋਂ ਹੋ ਸਕਦਾ ਹੈ। ਹਾਲ ਹੀ ’ਚ ਸੋਸ਼ਲ ਮੀਡੀਆ ਉਤੇ ਇਕ ਪੋਸਟ ਵਿਚ ਉਨ੍ਹਾਂ ਨੇ ਸੰਕੇਤ ਦਿੱਤਾ ਸੀ ਕਿ ਇਕ ਮਹੀਨੇ ਦੇ ਅੰਦਰ ਕੋਈ ‘ਮਰਾਠੀ ਮਾਨੁਸ਼’ ਭਾਰਤ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ।
ਇਸ ਦੇ ਬਾਅਦ ਸ਼ਨੀਵਾਰ ਨੂੰ ਪਿੰਪਰੀ ਚਿੰਚਵੜ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਚਵਾਨ ਨੇ ਕਿਹਾ ਕਿ ਕਈ ਵਿਅਕਤੀਆਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਇਸ ਟਿੱਪਣੀ ’ਤੇ ਸਪੱਸ਼ਟੀਕਰਨ ਮੰਗਿਆ ਹੈ। ਚਵਾਨ ਨੇ ਕਿਹਾ, ‘‘ਵਿਸ਼ਵ ਪੱਧਰ ’ਤੇ ਕਈ ਘਟਨਾਕ੍ਰਮ ਹੋ ਰਹੇ ਹਨ। ਜਦੋਂ ਮੈਂ ਪੋਸਟ ਕੀਤਾ ਤਾਂ ਕਈ ਵਿਅਕਤੀਆਂ ਨੇ ਮੇਰੇ ਕੋਲੋਂ ਪੁੱਛਿਆ ਕਿ ਮੇਰਾ ਕੀ ਮਤਲਬ ਹੈ। ਮੇਰਾ ਬਿਆਨ ਇਕ ਕਾਲਪਨਿਕ ਸਿਆਸੀ ਸੰਭਾਵਨਾ ’ਤੇ ਅਧਾਰਤ ਸੀ। ਜੇਕਰ ਮਹਾਰਾਸ਼ਟਰ ਤੋਂ ਕੋਈ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਮੌਜੂਦਾ ਪ੍ਰਧਾਨ ਮੰਤਰੀ ਨੂੰ ਅਹੁਦਾ ਛੱਡਣਾ ਪਵੇਗਾ। ਮੈਂ ਸਿਰਫ ਬਦਲਾਅ ਦੀ ਸੰਭਾਵਨਾ ਨੂੰ ਦਰਸਾਇਆ ਸੀ।’’
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ 19 ਦਸੰਬਰ ਨਾਲ ਸਬੰਧਤ ਹਨ, ਜਿਸ ਦਿਨ ਅਮਰੀਕੀ ਸੰਸਦ ਵੱਲੋਂ ਐਪਸਟੀਨ ਫਾਈਲ ਨੂੰ ਜਾਰੀ ਕੀਤੇ ਜਾਣ ਦੀ ਆਸ ਹੈ, ਜਿਨ੍ਹਾਂ ਦੇ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਦੇ ਵਿਆਪਕ ਵਿਸ਼ਵਵਿਆਪੀ ਪ੍ਰਭਾਵ ਹੋ ਸਕਦੇ ਹਨ। ਉਨ੍ਹਾਂ ਕਿਹਾ, ‘‘ਅਜਿਹਾ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਫਾਈਲਾਂ ਵਿਚ ਕਈ ਵੱਡੇ ਨੇਤਾਵਾਂ ਨਾਲ ਜੁੜੇ ਸਟਿੰਗ ਆਪ੍ਰੇਸ਼ਨਾਂ ਨਾਲ ਸਬੰਧਿਤ ਸਮੱਗਰੀ ਹੈ। ਕੁਝ ਨਾਂ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ’ਤੇ ਚਰਚਾ ਵਿਚ ਹਨ।’’
