ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਕਾਂਗਰਸ ਨੇ ਦੱਸਿਆ ''ਪਖੰਡ''

Monday, Dec 01, 2025 - 12:28 PM (IST)

ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਕਾਂਗਰਸ ਨੇ ਦੱਸਿਆ ''ਪਖੰਡ''

ਨਵੀਂ ਦਿੱਲੀ- ਸੋਮਵਾਰ ਤੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ, ਜੋ ਕਿ 19 ਦਸੰਬਰ ਤੱਕ ਜਾਰੀ ਰਹੇਗਾ ਤੇ ਇਸ ਦੌਰਾਨ ਐੱਸ.ਆਈ.ਆਰ., ਪ੍ਰਦੂਸ਼ਣ ਤੇ ਮਹਿੰਗਾਈ ਸਣੇ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ। ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਇਸ ਸੈਸ਼ਨ 'ਚ ਸਕਾਰਾਤਮਕਤਾ ਬਣੀ ਰਹਿਣੀ ਚਾਹੀਦੀ ਹੈ ਤੇ ਸੰਸਦ ਦੀ ਕਾਰਵਾਈ ਸੁਚੱਜੇ ਢੰਗ ਨਾਲ ਚਲਾਈ ਜਾਵੇ।

ਪ੍ਰਧਾਨ ਮੰਤਰੀ ਦੇ ਇਸ ਬਿਆਨ ਮਗਰੋਂ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਇਕ 'ਪਖੰਡ' ਦੱਸਿਆ ਹੈ। ਪਾਰਟੀ ਨੇ ਦੋਸ਼ ਲਗਾਇਆ ਕਿ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸਿਰਫ਼ ਪਖੰਡ ਹੈ, ਕਿਉਂਕਿ ਉਹ ਖੁਦ ਸਦਨ ਵਿੱਚ ਮੌਜੂਦ ਨਹੀਂ ਹਨ ਅਤੇ ਵਿਰੋਧੀ ਧਿਰ ਨਾਲ ਗੱਲਬਾਤ ਨਹੀਂ ਕਰਦੇ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਸੰਸਦ ਵਿੱਚ ਕਿਸੇ ਵੀ ਰੁਕਾਵਟ ਲਈ ਪ੍ਰਧਾਨ ਮੰਤਰੀ ਖੁਦ ਜ਼ਿੰਮੇਵਾਰ ਹਨ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਉਹ ਚੋਣ ਹਾਰਾਂ ਤੋਂ ਬਾਅਦ ਸੰਸਦ ਨੂੰ "ਨਿਰਾਸ਼ਾ ਕੱਢਣ ਲਈ ਪਲੇਟਫਾਰਮ" ਵਜੋਂ ਵਰਤ ਰਹੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਜੇਕਰ ਵਿਰੋਧੀ ਧਿਰ ਚਾਹੁੰਦੀ ਹੈ, ਤਾਂ ਉਹ ਰਾਜਨੀਤੀ ਵਿੱਚ ਸਕਾਰਾਤਮਕਤਾ ਲਿਆਉਣ ਲਈ ਕੁਝ ਸੁਝਾਅ ਦੇਣ ਲਈ ਤਿਆਰ ਹਨ। 

ਸੰਸਦ ਦੇ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੈਸ਼ਨ ਇੱਕ ਰਾਜਨੀਤਿਕ ਥੀਏਟਰ ਨਹੀਂ ਬਣਨਾ ਚਾਹੀਦਾ, ਸਗੋਂ ਰਚਨਾਤਮਕ ਅਤੇ ਨਤੀਜਾ-ਮੁਖੀ ਬਹਿਸ ਦਾ ਮਾਧਿਅਮ ਬਣਨਾ ਚਾਹੀਦਾ ਹੈ। ਇਸ ਦਾ ਜਵਾਬ ਦਿੰਦੇ ਹੋਏ ਕਾਂਗਰਸੀ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ X 'ਤੇ ਪੋਸਟ ਕੀਤਾ, "ਪ੍ਰਧਾਨ ਮੰਤਰੀ ਕਦੇ ਵੀ ਸੰਸਦ ਵਿੱਚ ਨਹੀਂ ਜਾਂਦੇ ਅਤੇ ਨਾ ਹੀ ਇਸ ਨੂੰ ਮਹੱਤਵ ਦਿੰਦੇ ਹਨ। ਉਹ ਕਦੇ ਵੀ ਵਿਰੋਧੀ ਧਿਰ ਨਾਲ ਗੱਲਬਾਤ ਨਹੀਂ ਕਰਦੇ। ਫਿਰ ਵੀ, ਹਰ ਸੈਸ਼ਨ ਤੋਂ ਪਹਿਲਾਂ ਉਹ ਸੰਸਦ ਭਵਨ ਦੇ ਬਾਹਰ ਖੜ੍ਹੇ ਹੋ ਕੇ ਰਾਸ਼ਟਰ ਨੂੰ ਸੰਬੋਧਨ ਕਰਦੇ ਹਨ, ਲੋਕ ਸਭਾ ਅਤੇ ਰਾਜ ਸਭਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਵਿਰੋਧੀ ਧਿਰ ਤੋਂ ਰਚਨਾਤਮਕ ਸਹਿਯੋਗ ਦੀ ਮੰਗ ਕਰਦੇ ਹਨ।''

ਉਨ੍ਹਾਂ ਕਿਹਾ, "ਜੇਕਰ ਸੰਸਦ ਸੁਚਾਰੂ ਢੰਗ ਨਾਲ ਨਹੀਂ ਚੱਲਦੀ, ਤਾਂ ਇਸ ਦਾ ਦੋਸ਼ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ 'ਤੇ ਹੈ ਕਿਉਂਕਿ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਜ਼ਰੂਰੀ ਜਨਤਕ ਮਹੱਤਵ ਦੇ ਮੁੱਦੇ ਉਠਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਹਮੇਸ਼ਾ ਵਿਰੋਧੀ ਧਿਰ ਨੂੰ ਘੱਟੋ-ਘੱਟ ਬੋਲਣ ਦਾ ਮੌਕਾ ਦਿੱਤੇ ਬਿਨਾਂ ਆਪਣੀ ਮਰਜ਼ੀ ਕਰਨਾ ਚਾਹੁੰਦੇ ਹਨ।" ਰਮੇਸ਼ ਨੇ ਦੋਸ਼ ਲਗਾਇਆ ਕਿ ਸੰਸਦ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ ਪਖੰਡ ਤੋਂ ਇਲਾਵਾ ਕੁਝ ਨਹੀਂ ਸੀ। ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ "ਨਾਟਕਕਾਰ" "ਡਰਾਮੇ" ਬਾਰੇ ਗੱਲ ਕਰ ਰਿਹਾ ਸੀ।


author

Harpreet SIngh

Content Editor

Related News