‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਹੁਣ ਭਾਜਪਾ ਲਈ ਚਿੰਤਾ ਦਾ ਵਿਸ਼ਾ

Saturday, Sep 03, 2022 - 11:38 AM (IST)

‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਹੁਣ ਭਾਜਪਾ ਲਈ ਚਿੰਤਾ ਦਾ ਵਿਸ਼ਾ

ਨਵੀਂ ਦਿੱਲੀ– ਭਾਰਤ ਨੂੰ ‘ਕਾਂਗਰਸ ਮੁਕਤ’ ਬਣਾਉਣ ਲਈ ਭਾਜਪਾ ਵੱਲੋਂ 2014 ’ਚ ਦਿੱਤੇ ਗਏ ਨਾਅਰੇ ਦਾ ਪਾਰਟੀ ਨੂੰ ਬਹੁਤ ਲਾਭ ਮਿਲਿਆ ਹੈ। ਇਹ ਕਾਂਗਰਸ ਦੇ ਗੜ੍ਹ ਨੂੰ ਸਿਰਫ਼ ਦੋ ਸੂਬਿਆਂ (ਰਾਜਸਥਾਨ ਅਤੇ ਛੱਤੀਸਗੜ੍ਹ) ਤੱਕ ਹੀ ਸੀਮਤ ਕਰਨ ’ਚ ਬੇਸ਼ੱਕ ਸਫਲ ਰਹੀ ਹੋਵੇ ਪਰ ਪਾਰਟੀ ਲੀਡਰਸ਼ਿਪ ਇਸ ਗੱਲ ਤੋਂ ਚਿੰਤਤ ਹੈ ਕਿ ਆਮ ਆਦਮੀ ਪਾਰਟੀ ਸੂਬਿਆਂ ’ਚ ਕਾਂਗਰਸ ਦੇ ਇਕ ਵਿਹਾਰਕ ਬਦਲ ਵਜੋਂ ਉੱਭਰ ਰਹੀ ਹੈ।

ਰਣਨੀਤਕ ਤੌਰ ’ਤੇ ‘ਆਪ’ ਜਿੱਥੇ ਵੀ ਸੰਭਵ ਹੋਵੇ ਸੂਬਿਆਂ ’ਚ ਜ਼ਿਲਾ ਪੱਧਰ ਦੇ ਕਾਂਗਰਸੀ ਆਗੂਆਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਹ ਕਾਂਗਰਸ ਦੇ ਕਿਸੇ ਵੀ ਸੀਨੀਅਰ ਆਗੂ ਨੂੰ ‘ਆਪ’ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਨਹੀਂ ਕਰ ਰਹੀ ਹੈ। ਇਸ ਰਣਨੀਤੀ ਨੇ ਪੰਜਾਬ ’ਚ ਭਰਪੂਰ ਲਾਭ ਦਿੱਤਾ ਅਤੇ ਹੁਣ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ’ਚ ਭਾਜਪਾ ਨੂੰ ਚਿੰਤਾ ’ਚ ਪਾ ਰਹੀ ਹੈ, ਜਿੱਥੇ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤਰ੍ਹਾਂ ਭਾਜਪਾ ਲੀਡਰਸ਼ਿਪ ‘ਆਪ’ ਅਤੇ ਕਾਂਗਰਸੀ ਆਗੂਆਂ ਦਾ ਖੁੱਲ੍ਹ ਕੇ ਸਵਾਗਤ ਕਰ ਰਹੀ ਹੈ।

ਇਨ੍ਹਾਂ ਸੂਬਿਆਂ ’ਚ ਆਏ ਦਿਨ ਹਿਜ਼ਰਤ ਜਾਰੀ ਹੈ ਪਰ ‘ਆਪ’ ਦੀ ਲੋਕਪ੍ਰਿਅਤਾ ਹੇਠਲੇ ਪੱਧਰਾਂ ’ਤੇ ਵੱਡੇ ਪੱਧਰ ’ਤੇ ਵਧ ਰਹੀ ਹੈ।

ਜਾਂਚ ਏਜੰਸੀਆਂ ਅਤੇ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਜਿਸ ਤੇਜ਼ੀ ਨਾਲ ਕੇਜਰੀਵਾਲ ਦੇ ਮੰਤਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਸ ’ਚ ਕੋਈ ਹੈਰਾਨੀ ਨਹੀਂ ਹੈ। ਕਈ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਹਫ਼ਤਿਆਂ ਤੋਂ ਕੇਜਰੀਵਾਲ ਨੂੰ ਨਿਸ਼ਾਨਾ ਬਣਾ ਰਹੇ ਹਨ। ਸਿੱਖਿਆ ਖੇਤਰ ਅਤੇ ਸ਼ਰਾਬ ਨੀਤੀ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਪੰਜਾਬ ’ਚ ਭਗਵੰਤ ਸਿੰਘ ਮਾਨ ਸਰਕਾਰ ਨੂੰ ਤੰਗ ਨਹੀਂ ਕਰ ਰਹੀ ਹੈ। ਰਿਓੜੀਆਂ (ਫ੍ਰੀਬੀਜ਼) ’ਤੇ ਪ੍ਰਧਾਨ ਮੰਤਰੀ ਦੇ ਹਮਲੇ ਦਾ ਨਿਸ਼ਾਨਾ ਕੇਜਰੀਵਾਲ ਸਨ ਪਰ ਇਸ ਮਾਮਲੇ ’ਚ ਕੇਂਦਰ ਸਰਕਾਰ ਨੂੰ ਅਜੇ ਤੱਕ ਸੁਪਰੀਮ ਕੋਰਟ ਤੋਂ ਕੁਝ ਵੀ ਅਨੁਕੂਲ ਨਹੀਂ ਮਿਲ ਸਕਿਆ ਹੈ। ਦੂਜਾ, ਕੇਜਰੀਵਾਲ ਖੁਦ ਨੂੰ ਵਧੇਰੇ ਹਿੰਦੂ ਸਮਰਥਕ ਅਤੇ ਨਾਲ ਹੀ ਘੱਟ ਗਿਣਤੀ ਭਾਈਚਾਰੇ ਨੂੰ ਖੁਸ਼ ਰੱਖਣ ਦੇ ਰੂਪ ’ਚ ਪੇਸ਼ ਕਰ ਰਹੇ ਹਨ। ਜੇਕਰ ਕਾਂਗਰਸ ਕਮਜ਼ੋਰ ਹੁੰਦੀ ਹੈ ਤਾਂ ਫਾਇਦਾ ‘ਆਪ’ ਨੂੰ ਹੋਵੇਗਾ ਅਤੇ ਇਹੀ ਭਾਜਪਾ ਦੀ ਵੱਡੀ ਚਿੰਤਾ ਹੈ।


author

Rakesh

Content Editor

Related News