ਜੰਮੂ-ਕਸ਼ਮੀਰ ''ਚੋਂ ਧਾਰਾ 370 ਹਟਾਈ ਜਾਣੀ ਚਾਹੀਦੀ : ਹੁੱਡਾ
Monday, Apr 08, 2019 - 01:31 PM (IST)
ਬਹਾਦੁਰਗੜ੍ਹ— ਹਰਿਆਣਾ ਦੇ ਰੋਹਤਕ ਤੋਂ ਕਾਂਗਰਸ ਦੇ ਸੰਸਦ ਮੈਂਬਰ ਦਪਿੰਦਰ ਹੁੱਡਾ ਨੇ ਪਾਰਟੀ ਲਾਈਨ ਤੋਂ ਵੱਖ ਜਾਂਦੇ ਹੋਏ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਦੀ ਪੈਰਵੀ ਕੀਤੀ ਹੈ। ਉਨ੍ਹਾਂ ਇਸ ਨੂੰ ਆਪਣਾ ਨਿੱਜੀ ਵਿਚਾਰ ਦੱਸਿਆ ਤੇ ਕਿਹਾ ਕਿ ਇਹ ਦੇਸ਼ ਹਿੱਤ 'ਚ ਹੈ ਅਤੇ ਇਸ 'ਤੇ ਮੁੜ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਸਾਰੀਆਂ ਪਾਰਟੀਆਂ ਨੂੰ ਇਕ ਮੰਚ 'ਤੇ ਆਉਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਸ ਮਾਮਲੇ 'ਤੇ ਰਾਜਨੀਤੀ ਕਰਨ ਲਈ ਭਾਜਪਾ ਦੀ ਆਲੋਚਨਾ ਕੀਤੀ।
ਹੁੱਡਾ ਨੇ ਸਾਫ ਕਿਹਾ ਕਿ ਅੱਜ 21ਵੀਂ ਸਦੀ 'ਚ ਇਸ ਧਾਰਾ ਦਾ ਕੋਈ ਮਤਲਬ ਨਹੀਂ ਹੈ ਅਤੇ ਇਸ ਨੂੰ ਹਟਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਰਾਸ਼ਟਰਵਾਦ 'ਤੇ ਦੋਹਰਾ ਮਾਪਦੰਡ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਉਹ ਫੌਜ ਨੂੰ ਖੁੱਲ੍ਹੀ ਛੋਟ ਦੇਣ ਦੀ ਗੱਲ ਕਹਿੰਦੀ ਹੈ, ਦੂਜੇ ਪਾਸੇ ਫੌਜੀਆਂ 'ਤੇ ਮਾਮਲੇ ਦਰਜ ਕਰਵਾਏ ਗਏ ਹਨ। ਭਾਜਪਾ ਨੂੰ ਫੌਜ ਦਾ ਨਾਂ ਲੈ ਕੇ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ। ਫੌਜ ਕਿਸੇ ਪਾਰਟੀ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਮਹਿਬੂਬਾ ਮੁਫਤੀ ਅੱਤਵਾਦੀਆਂ ਦਾ ਸਮਰਥਨ ਕਰਦੀ ਹੈ, ਉਸ ਨਾਲ ਮਿਲ ਕੇ ਭਾਜਪਾ ਨੇ ਸਰਕਾਰ ਚਲਾਈ। ਇਹ ਦੋਹਰਾ ਚਰਿੱਤਰ ਜਨਤਾ ਦੀ ਸਮਝ 'ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਫੌਜੀਆਂ 'ਤੇ ਦਰਜ ਮਾਮਲਿਆਂ ਨੂੰ ਵਾਪਸ ਲਿਆ ਜਾਵੇਗਾ।