CBSE ਦੀ ਨਿਵੇਕਲੀ ਪਹਿਲਕਦਮੀ ; ਵਿਦਿਆਰਥੀ ਹੁਣ ਬੋਰਡ ਕਲਾਸਾਂ ''ਚੋਂ ਨਹੀਂ ਹੋਣਗੇ Fail !
Wednesday, Jan 15, 2025 - 02:06 AM (IST)
ਲੁਧਿਆਣਾ (ਵਿੱਕੀ) : ਸੈਂਟ੍ਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਵਧਾਉਣ ਅਤੇ ਫੇਲ੍ਹ ਹੋਣ ਦੇ ਡਰ ਨੂੰ ਘਟਾਉਣ ਲਈ ਇਕ ਵੱਡੀ ਪਹਿਲ ਕੀਤੀ ਹੈ। ਬੋਰਡ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵਿਦਿਆਰਥੀ 10ਵੀਂ ਬੋਰਡ ਦੀ ਪ੍ਰੀਖਿਆ ’ਚ ਵਿਗਿਆਨ, ਗਣਿਤ ਜਾਂ ਸਮਾਜਿਕ ਵਿਗਿਆਨ ਵਰਗੇ ਮੁੱਖ ਵਿਸ਼ਿਆਂ ’ਚੋਂ ਕਿਸੇ ਇਕ ’ਚੋਂ ਫੇਲ੍ਹ ਹੋ ਜਾਂਦਾ ਹੈ, ਤਾਂ ਉਸ ਵਿਸ਼ੇ ਨੂੰ 6ਵੇਂ ਵਾਧੂ ਹੁਨਰ ਵਿਸ਼ੇ ਨਾਲ ਬਦਲ ਦਿੱਤਾ ਜਾਵੇਗਾ।
ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਮਜ਼ੋਰ ਵਿਸ਼ਿਆਂ ’ਚ ਅਸਫਲਤਾ ਤੋਂ ਬਚਾਉਣ ਦੇ ਨਾਲ-ਨਾਲ ਹੁਨਰ ਆਧਾਰਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਬੋਰਡ ਨੇ 9ਵੀਂ ਅਤੇ 10ਵੀਂ ਜਮਾਤ ਲਈ 22 ਹੁਨਰ ਦੇ ਵਿਸ਼ੇ ਸ਼ਾਮਲ ਕੀਤੇ ਹਨ, ਜੋ ਵਿਦਿਆਰਥੀਆਂ ਨੂੰ ਰਵਾਇਤੀ ਪੜ੍ਹਾਈ ਦੇ ਨਾਲ-ਨਾਲ ਕਿੱਤਾਮੁਖੀ ਅਤੇ ਤਕਨੀਕੀ ਹੁਨਰਾਂ ’ਚ ਮੁਹਾਰਤ ਹਾਸਲ ਕਰਨ ਦਾ ਮੌਕਾ ਦਿੰਦੇ ਹਨ।
ਹੁਨਰ ਦੇ ਵਿਸ਼ਿਆਂ ਦੀ ਸੂਚੀ
ਸੀ.ਬੀ.ਐੱਸ.ਈ. ਵੱਲੋਂ ਪੇਸ਼ ਕੀਤੇ ਸਕਿੱਲ ਦੇ ਵਿਸ਼ਿਆਂ ’ਚ ਸ਼ਾਮਲ ਹਨ : ਰਿਟੇਲ, ਸੂਚਨਾ ਤਕਨਾਲੋਜੀ, ਸੁਰੱਖਿਆ, ਆਟੋਮੋਟਿਵ, ਵਿੱਤੀ ਬਾਜ਼ਾਰ, ਸੈਰ-ਸਪਾਟਾ, ਸੁੰਦਰਤਾ ਅਤੇ ਤੰਦਰੁਸਤੀ, ਖੇਤੀਬਾੜੀ, ਭੋਜਨ ਉਤਪਾਦਨ, ਫ੍ਰੰਟ ਆਫਿਸ ਆਪ੍ਰੇਸ਼ਨ, ਬੈਂਕਿੰਗ ਅਤੇ ਬੀਮਾ, ਮਾਰਕੀਟਿੰਗ ਅਤੇ ਵਿਕਰੀ, ਸਿਹਤ ਸੰਭਾਲ, ਅਪੈਰਲ, ਮਲਟੀਮੀਡੀਆ, ਮਲਟੀ ਸਕਿੱਲ ਫਾਊਂਡੇਸ਼ਨ ਕੋਰਸ, ਏ.ਆਈ., ਸਰੀਰਕ ਗਤੀਵਿਧੀ ਟ੍ਰੇਨਰ, ਡੈਟਾ ਸਾਇੰਸ, ਇਲੈਕਟ੍ਰਾਨਿਕਸ ਅਤੇ ਹਾਰਡਵੇਅਰ, ਫਾਰਮਾਸਿਊਟੀਕਲ ਅਤੇ ਬਾਇਓਟੈਕਨਾਲੋਜੀ ਲਈ ਫਾਊਂਡੇਸ਼ਨ ਹੁਨਰ, ਡਿਜ਼ਾਈਨ ਸੋਚ ਅਤੇ ਨਵੀਨਤਾ।
ਇਹ ਵੀ ਪੜ੍ਹੋ- ਪੰਜਾਬ 'ਚ ਚੱਲਦੀ ਟ੍ਰੇਨ ਨੂੰ ਲੱਗ ਗਈ ਅੱਗ, ਸਵਾਰੀਆਂ ਦੀਆਂ ਨਿਕਲ ਗਈਆਂ ਚੀਕਾਂ
ਪ੍ਰੀਖਿਆ ਸਕੋਰਿੰਗ ਦਾ ਨਵਾਂ ਪੈਟਰਨ
ਸੀ.ਬੀ.ਐੱਸ.ਈ. ਨੇ ਕਿਹਾ ਹੈ ਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਤਹਿਤ ਬੈਸਟ ਆਫ ਫਾਈਵ ਦੇ ਆਧਾਰ ’ਤੇ ਫ਼ੈਸਲਾ ਲਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਦਿਆਰਥੀ ਵਿਗਿਆਨ, ਗਣਿਤ ਅਤੇ ਸਮਾਜਿਕ ਵਿਗਿਆਨ ਵਰਗੇ 3 ਲਾਜ਼ਮੀ ਵਿਸ਼ਿਆਂ ’ਚੋਂ ਕਿਸੇ ਇਕ ’ਚੋਂ ਫੇਲ੍ਹ ਹੋ ਜਾਂਦਾ ਹੈ, ਤਾਂ ਸਕਿੱਲ ਵਿਸ਼ਾ (ਛੇਵਾਂ ਵਾਧੂ ਵਿਸ਼ਾ) ਨੂੰ ਸਕੋਰ ’ਚ ਸ਼ਾਮਲ ਕੀਤਾ ਜਾਵੇਗਾ ਅਤੇ ਉਸ ਦੀ ਪ੍ਰਤੀਸ਼ਤਤਾ ਦਾ ਹਿਸਾਬ ਲਾਇਆ ਜਾਵੇਗਾ।
ਸਕੋਰਿੰਗ ਉਦਾਹਰਨ
ਵਿਸ਼ਾ 1 : ਭਾਸ਼ਾ 1 (ਵੱਧ ਤੋਂ ਵੱਧ ਅੰਕ : 100)
ਵਿਸ਼ਾ 2 : ਭਾਸ਼ਾ 2 (ਵੱਧ ਤੋਂ ਵੱਧ ਅੰਕ : 100)
ਵਿਸ਼ਾ 3 : ਵਿਗਿਆਨ (ਵੱਧ ਤੋਂ ਵੱਧ ਅੰਕ : 100)
ਵਿਸ਼ਾ 4 : ਗਣਿਤ (ਵੱਧ ਤੋਂ ਵੱਧ ਅੰਕ : 100)
ਵਿਸ਼ਾ 5 : ਸਮਾਜਿਕ ਵਿਗਿਆਨ (ਵੱਧ ਤੋਂ ਵੱਧ ਅੰਕ : 100)
ਵਿਸ਼ਾ 6 (ਸਕਿੱਲ ਦਾ ਵਿਸ਼ਾ) : ਛੇਵਾਂ ਵਾਧੂ ਵਿਸ਼ਾ (ਵੱਧ ਤੋਂ ਵੱਧ ਅੰਕ : 100)
ਜੇਕਰ ਵਿਦਿਆਰਥੀ ਸਮਾਜਿਕ ਵਿਗਿਆਨ ’ਚ ਫੇਲ੍ਹ ਹੁੰਦਾ ਹੈ, ਤਾਂ ਹੁਨਰ ਵਿਸ਼ੇ ਦਾ ਸਕੋਰ ਉਸ ਦੇ ਕੁੱਲ ਸਕੋਰ ’ਚ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਪੰਜਾਬ ਦਾ ਇਹ ਅਹਿਮ ਫਾਟਕ 2 ਦਿਨਾਂ ਲਈ ਬੰਦ ਰਹੇਗਾ
12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਹੋਵੇਗਾ ਫਾਇਦਾ
ਇਹ ਪਹਿਲ ਸਿਰਫ਼ 10ਵੀਂ ਜਮਾਤ ਤੱਕ ਹੀ ਸੀਮਤ ਨਹੀਂ ਹੈ। 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਇਹ ਸਹੂਲਤ ਮਿਲੇਗੀ, ਤਾਂ ਜੋ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਵਿੱਦਿਅਕ ਸਫਰ ਜਾਰੀ ਰੱਖ ਸਕਣ। ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਸੀ.ਬੀ.ਐੱਸ.ਈ. ਦਾ ਇਹ ਕਦਮ ਵਿਦਿਆਰਥੀਆਂ ਦੇ ਮਾਨਸਿਕ ਤਣਾਅ ਨੂੰ ਘੱਟ ਕਰੇਗਾ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਮਦਦ ਕਰੇਗਾ। ਹੁਨਰ ਵਿਸ਼ੇ ਵਿਦਿਆਰਥੀਆਂ ਨੂੰ ਨਾ ਸਿਰਫ਼ ਪ੍ਰੀਖਿਆ ’ਚ ਫੇਲ੍ਹ ਹੋਣ ਤੋਂ ਬਚਾਏਗਾ, ਸਗੋਂ ਭਵਿੱਖ ’ਚ ਰੋਜ਼ਗਾਰ ਦੇ ਬਿਹਤਰ ਮੌਕੇ ਵੀ ਪ੍ਰਦਾਨ ਕਰੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e