ਮਹਾਰਾਸ਼ਟਰ ਵਿਧਾਨ ਸਭਾ ’ਚ ਕਾਂਗਰਸੀ ਵਿਧਾਇਕਾਂ ਨੇ ਆਪਣੀ ਮੇਜ਼ ’ਤੇ ਅੰਬੇਡਕਰ ਦੀ ਤਸਵੀਰ ਲਾਈ
Saturday, Dec 21, 2024 - 02:22 AM (IST)

ਨਾਗਪੁਰ - ਕਾਂਗਰਸੀ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਵਿਚ ਆਪੋ-ਆਪਣੇ ਮੇਜ਼ਾਂ ਉੱਤੇ ਡਾ. ਬਾਬਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਲਗਾਈਆਂ। ਕਾਂਗਰਸ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਦਲਿਤ ਭਾਈਚਾਰੇ ਦੇ ਪ੍ਰਤੀਕ ਪੁਰਸ਼ ਦਾ ਅਪਮਾਨ ਕਰਨ ਦਾ ਦੋਸ਼ ਲਗਾਏ ਜਾਣ ਦਰਮਿਆਨ ਪਾਰਟੀ ਵਿਧਾਇਕਾਂ ਨੇ ਇਹ ਕਦਮ ਚੁੱਕਿਆ।
ਇਸ ਤੋਂ ਬਾਅਦ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੀ ਆਪਣੀ-ਆਪਣੀ ਮੇਜ਼ ’ਤੇ ਅਜਿਹੀ ਤਸਵੀਰ ਲਗਾਉਣ ਦੀ ਇਜਾਜ਼ਤ ਦੇਣ। ਪਵਾਰ ਨੇ ਕਿਹਾ ਕਿ ਅੰਬੇਡਕਰ ਸਾਰਿਆਂ ਦੇ ਹਨ ਅਤੇ ਸੱਤਾ ਧਿਰ ਨੂੰ ਵੀ ਉਨ੍ਹਾਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਸਪੀਕਰ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਮੈਂਬਰ ਨੂੰ ਆਪਣੀ ਮੇਜ਼ ’ਤੇ ਅਜਿਹੀ ਤਸਵੀਰ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਨਾਰਵੇਕਰ ਨੇ ਵਿਜੇ ਵਡੇਟੀਵਾਰ, ਨਿਤਿਨ ਰਾਊਤ ਅਤੇ ਨਾਨਾ ਪਟੋਲੇ ਸਮੇਤ ਕਾਂਗਰਸੀ ਨੇਤਾਵਾਂ ਨੂੰ ਤਸਵੀਰਾਂ ਹਟਾਉਣ ਲਈ ਕਿਹਾ।