ਪੱਛਮੀ ਬੰਗਾਲ ’ਚ 2026 ਦੀਆਂ ਵਿਧਾਨ ਸਭਾ ਚੋਣਾਂ ਲੰਬੀਆਂ ਨਹੀਂ ਖਿੱਚੀਆਂ ਜਾਣਗੀਆਂ
Wednesday, Feb 11, 2026 - 11:52 PM (IST)
ਨੈਸ਼ਨਲ ਡੈਸਕ- 5 ਸੂਬਿਆਂ ਵਿਚ ਵਿਧਾਨ ਸਭਾ ਚੋਣ ਪ੍ਰਕਿਰਿਆ ਇਸ ਵਾਰ ਅਪ੍ਰੈਲ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ। 2021 ਦੀਆਂ ਪਿਛਲੀਆਂ ਚੋਣਾਂ ਵਿਚ, ਇਹ ਪ੍ਰਕਿਰਿਆ 2 ਮਈ ਤੋਂ ਬਾਅਦ ਖ਼ਤਮ ਹੋਈ ਸੀ, ਜਦੋਂ ਵੋਟਾਂ ਦੀ ਗਿਣਤੀ ਹੋਈ ਅਤੇ ਸੂਬਿਆਂ ਵਿਚ ਸਰਕਾਰਾਂ ਬਣੀਆਂ। 2021 ਵਿਚ, ਪੱਛਮੀ ਬੰਗਾਲ ਦੀਆਂ 294 ਸੀਟਾਂ ਲਈ ਵੋਟਿੰਗ 27 ਮਾਰਚ ਤੋਂ 29 ਅਪ੍ਰੈਲ ਵਿਚਾਲੇ 8 ਪੜਾਵਾਂ ’ਚ ਹੋਈ ਸੀ, ਜਦਕਿ ਤਾਮਿਲਨਾਡੂ ਅਤੇ ਕੇਰਲ ਵਿਚ ਇਹ 6 ਅਪ੍ਰੈਲ ਨੂੰ ਇਕੋ ਪੜਾਅ ਵਿਚ ਹੋਈ ਸੀ, ਜਿਸ ਕਾਰਨ ਵੋਟਰਾਂ ਨੂੰ ਨਤੀਜਿਆਂ ਲਈ 2 ਮਈ ਤੱਕ ਉਡੀਕ ਕਰਨੀ ਪਈ ਸੀ। ਆਸਾਮ ਵਿਚ 3 ਪੜਾਵਾਂ ਵਿਚ ਵੋਟਿੰਗ ਹੋਈ ਸੀ - 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ।
ਹਾਲਾਂਕਿ, ਇਸ ਵਾਰ 5 ਸੂਬਿਆਂ ਵਿਚ ਚੋਣ ਪ੍ਰਕਿਰਿਆ ਮਈ ਤੱਕ ਖਿੱਚਣ ਦੀ ਸੰਭਾਵਨਾ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਾਲੀਆ ਭਾਸ਼ਣਾਂ ਤੋਂ ਇਹ ਸਪੱਸ਼ਟ ਹੈ। ਪੱਛਮੀ ਬੰਗਾਲ ਦੌਰੇ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪ੍ਰੋਗਰਾਮਾਂ ’ਚ ਕਿਹਾ ਕਿ ਸੂਬੇ ਵਿਚ ਅਪ੍ਰੈਲ ’ਚ ਭਾਜਪਾ ਦੀ ਸਰਕਾਰ ਬਣੇਗੀ।
2021 ਵਿਚ, ਚੋਣ ਪ੍ਰੋਗਰਾਮ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਵਿਚ ਕੀਤਾ ਗਿਆ ਸੀ ਅਤੇ ਵੋਟਿੰਗ ਅਪ੍ਰੈਲ ਦੇ ਅਖੀਰ ਤੱਕ ਚੱਲੀ, ਜਿਸ ਦੀ ਗਿਣਤੀ 2 ਮਈ ਨੂੰ ਹੋਈ ਸੀ। ਉਸ ਸਮੇਂ, ਪੱਛਮੀ ਬੰਗਾਲ ਵਿਚ 8 ਪੜਾਵਾਂ ਵਿਚ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੀ ਸਖ਼ਤ ਆਲੋਚਨਾ ਹੋਈ ਸੀ।
ਭਰੋਸੇਯੋਗ ਸੂਤਰਾਂ ਅਨੁਸਾਰ, ਵੋਟਰ ਸੂਚੀ ਸੋਧ ਪ੍ਰਕਿਰਿਆ ਵਿਚ ਦੇਰੀ ਨਾ ਹੋਣ ਦੀ ਸੂਰਤ ਵਿਚ ਚੋਣ ਪ੍ਰੋਗਰਾਮ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਵਿਚ ਕੀਤਾ ਜਾ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਵਿਚ ਇਸ ਵਾਰ ਵੋਟਿੰਗ ਦੇ ਪੜਾਅ ਘੱਟ ਹੋਣਗੇ। ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿਚ ਇਕੋ ਪੜਾਅ ਵਿਚ ਵੋਟਿੰਗ ਹੋਣ ਦੀ ਸੰਭਾਵਨਾ ਹੈ, ਜਦਕਿ ਆਸਾਮ ਵਿਚ 2 ਪੜਾਵਾਂ ਵਿਚ ਵੋਟਿੰਗ ਹੋ ਸਕਦੀ ਹੈ।
