ਕ੍ਰਾਸ ਵੋਟਿੰਗ ਤੋਂ ਬਾਅਦ ਅਲਪੇਸ਼ ਠਾਕੋਰ ਨੇ ਕਾਂਗਰਸ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ

7/5/2019 4:52:05 PM

ਗਾਂਧੀਨਗਰ—ਅੱਜ ਗੁਜਰਾਤ 'ਚ ਰਾਜ ਸਭਾ ਦੀਆਂ 2 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਕਾਂਗਰਸ ਨੇ ਵਿਹਿਪ ਜਾਰੀ ਕੀਤਾ ਹੈ। ਇਸ ਦੇ ਬਾਵਜੂਦ ਕਾਂਗਰਸ ਦੇ ਦੋ ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ। ਕਾਂਗਰਸੀ ਬਾਗੀ ਵਿਧਾਇਕ ਅਲਪੇਸ਼ ਠਾਕੋਰ ਅਤੇ ਧਵਨ ਝਾਲਾ ਨੇ ਭਾਜਪਾ ਉਮੀਦਵਾਰ ਦੇ ਪੱਖ 'ਚ ਵੋਟਾਂ ਪਾਈਆਂ। ਕ੍ਰਾਸ ਵੋਟਿੰਗ ਕਰਨ ਤੋਂ ਬਾਅਦ ਅਲਪੇਸ਼ ਠਾਕੋਰ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਅਸਤੀਫਾ ਦੇਣ ਤੋਂ ਬਾਅਦ ਅਲਪੇਸ਼ ਠਾਕੋਰ ਨੇ ਕਿਹਾ ਹੈ ਕਿ ਮੈਂ ਰਾਹੁਲ ਗਾਂਧੀ 'ਤੇ ਭਰੋਸਾ ਕਰਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਇਆ ਸੀ ਪਰ ਬਦਕਿਸਮਤੀ ਉਨ੍ਹਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ। ਪਾਰਟੀ ਦਾ ਆਧਾਰ ਖਤਮ ਹੋ ਚੁੱਕਾ ਹੈ ਅਤੇ ਸਾਡੇ ਨਾਲ ਧੋਖਾ ਕੀਤਾ ਗਿਆ। ਹਰ ਵਾਰ ਸਾਨੂੰ ਬੇਇੱਜਤ ਕੀਤਾ ਗਿਆ। ਇਸ ਲਈ ਮੈਂ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਾਂਗਰਸ ਛੱਡ ਦਿੱਤੀ ਹੈ। 

PunjabKesari

ਵੋਟਿੰਗ ਕਰਨ ਤੋਂ ਬਾਅਦ ਅਲਪੇਸ਼ ਠਾਕੋਰ ਨੇ ਕਿਹਾ ਹੈ,"ਮੈਂ ਆਪਣੀ ਅੰਦਰੂਨੀ ਰੂਹ ਦੀ ਆਵਾਜ਼ ਸੁਣ ਕੇ ਅਤੇ ਰਾਸ਼ਟਰੀ ਅਗਵਾਈ ਨੂੰ ਧਿਆਨ 'ਚ ਰੱਖ ਕੇ ਵੋਟਿੰਗ ਕੀਤੀ ਹੈ।" ਇਸ ਤੋਂ ਇਲਾਵਾ ਅਲਪੇਸ਼ ਨੇ 10 ਅਪ੍ਰੈਲ ਨੂੰ ਹੀ ਕਾਂਗਰਸ 'ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਇਸ ਦੇ ਸਾਰੇ ਅਹੁਦਿਆਂ ਤੋਂ ਤਿਆਗ-ਪੱਤਰ ਦਾ ਦਾਅਵਾ ਕੀਤਾ ਸੀ ਪਰ ਉਨ੍ਹਾਂ ਨੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਕਾਂਗਰਸ ਨੇ ਉਨ੍ਹਾਂ ਵਿਧਾਇਕ ਦੇ ਅਹੁਦੇ ਤੋਂ ਹਟਾਉਣ ਲਈ ਵਿਧਾਨ ਸਭਾ ਪ੍ਰਧਾਨ ਅਤੇ ਹਾਈਕੋਰਟ ਦੋਵਾਂ ਦਾ ਦਰਵਾਜ਼ਾ ਖੜਕਾਇਆ ਹੈ। 

ਦੱਸ ਦੇਈਏ ਕਿ ਗੁਜਰਾਤ 'ਚ 2 ਰਾਜ ਸਭਾ ਸੀਟਾਂ 'ਕੇ ਹੋ ਰਹੀਆਂ ਚੋਣਾਂ ਲਈ ਭਾਜਪਾ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਓ. ਬੀ. ਸੀ. ਨੇਤਾ ਜੁਗਲਜੀ ਠਾਕੋਰ ਮੈਦਾਨ 'ਚ ਹਨ। ਦੂਜੇ ਪਾਸੇ ਕਾਂਗਰਸ ਵੱਲੋਂ ਚੰਦ੍ਰਿਕਾ ਚੁੜਾਸਮਾ ਅਤੇ ਗੌਰਵ ਪਾਂਡੇ ਉਮੀਦਵਾਰ ਹਨ। ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਗਾਂਧੀਨਗਰ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੇ ਅਮੇਠੀ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਦੇ ਕਾਰਨ ਦੋਵੇਂ ਰਾਜ ਸਭਾ ਸੀਟਾਂ ਖਾਲੀ ਹੋ ਗਈਆਂ ਹਨ।


Iqbalkaur

Edited By Iqbalkaur